ਮੋਹਾਲੀ: ਪਿੰਡਾਂ ਨੂੰ ਕੋਵਿਡੑਮੁਕਤ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ‘ਮਿਸ਼ਨ ਫ਼ਤਿਹ’ 2 ਮੁਹਿੰਮ ਤਹਿਤ ਜਿ਼ਲ੍ਹਾ ਐਸ.ਏ.ਐਸ. ਨਗਰ ਵਿਚ 21 ਮਈ ਤੋਂ ਚੱਲ ਰਿਹਾ ਕੋਵਿਡ ਸੈਂਪਲਿੰਗ ਅਤੇ ਸਰਵੇ ਦਾ ਕੰਮ ਸਫ਼ਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ ਨੇ ਦਸਿਆ ਕਿ ਇਹ ਸਰਵੇ ਜਿ਼ਲ੍ਹੇ ਦੇ ਤਿੰਨੇ ਸਿਹਤ ਬਲਾਕਾਂ—ਘੜੂੰਆਂ, ਡੇਰਾਬੱਸੀ ਅਤੇ ਬੂਥਗੜ੍ਹ ਦੇ ਪਿੰਡਾਂ ਵਿਚ ਚੱਲ ਰਿਹਾ ਸੀ।ਜਿਥੇ ਵੱਖ ਵੱਖ ਪਿੰਡਾਂ ਵਿਚ ਰੋਜ਼ਾਨਾ ਕੋਵਿਡ ਸੈਂਪਲਿੰਗ ਕੈਂਪ ਲਾਏ ਗਏ, ਉਥੇ ਆਸ਼ਾ ਵਰਕਰਾਂ ਨੇ ਹਰ ਪਿੰਡ ਦੇ ਘਰ—ਘਰ ਜਾ ਕੇ ਪਤਾ ਲਾਇਆ ਕਿ ਘਰ ਦਾ ਕੋਈ ਜੀਅ ਖੰਘ, ਜ਼ੁਕਾਮ, ਬੁਖ਼ਾਰ ਆਦਿ ਤੋਂ ਪੀੜਤ ਤਾਂ ਨਹੀਂ ਅਤੇ ਜੇ ਅਜਿਹੇ ਲੱਛਣ ਮਿਲਦੇ ਸਨ ਤਾਂ ਉਨ੍ਹਾਂ ਦਾ ਟੈਸਟ ਕੀਤਾ ਗਿਆ।
ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਆਸ਼ਾ ਵਰਕਰਾਂ ਸਮੇਤ ਸਿਹਤ ਟੀਮਾਂ ਨੇ ਜਿ਼ਲ੍ਹੇ ਦੇ ਕੁਲ 1,49,891 ਘਰਾਂ ਵਿਚ ਫੇਰੀ ਪਾਈ ਹੈ ਅਤੇ 6,86,881 ਵਿਅਕਤੀਆਂ ਦਾ ਮੁਆਇਨਾ ਕੀਤਾ ਹੈ।ਇਸ ਤੋਂ ਇਲਾਵਾ ਕੁਲ 7180 ਰੈਪਿਡ ਐਂਟੀਜ਼ਨ ਟੈਸਟ ਕੀਤੇ ਗਏ ਜਿਨ੍ਹਾਂ ਵਿਚੋਂ 328 ਵਿਅਕਤੀ ਪਾਜ਼ੇਟਿਵ ਨਿਕਲੇ। ਉਨ੍ਹਾਂ ਦਸਿਆ ਕਿ ਜਿ਼ਲ੍ਹੇ ਵਿਚਲੇ ਪਿੰਡਾਂ ਦੇ 1,24,954 ਘਰਾਂ ਵਿਚ ਫੇਰੀ ਪਾਉਣ ਅਤੇ 6,25,540 ਆਬਾਦੀ ਨੂੰ ਕਵਰ ਕਰਨ ਦਾ ਟੀਚਾ ਸੀ।ਕੋਵਿਡ ਮਹਾਂਮਾਰੀ ਕਾਰਨ ਇਹਤਿਆਤ ਵਜੋਂ ਸ਼ਹਿਰਾਂ ਦੀ ਹਦੂਦ ਵਿਚ ਆਏ ਹੋਏ ਪਿੰਡਾਂ ਨੂੰ ਵੀ ਕਵਰ ਕੀਤਾ ਗਿਆ ਹੈ।ਸਿਵਲ ਸਰਜਨ ਨੇ ਇਸ ਵੱਡਮੁੱਲੇ ਕਾਰਜ ਲਈ ਸੀਨੀਅਰ ਮੈਡੀਕਲ ਅਫ਼ਸਰਾਂ, ਡਾਕਟਰਾਂ, ਸੀ.ਐਚ.ਓ.ਜ਼, ਸਿਹਤ ਵਰਕਰਾਂ ਅਤੇ ਖ਼ਾਸ ਤੌਰ ਤੇ ਆਸ਼ਾ ਵਰਕਰਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਪੂਰੀ ਮਿਹਨਤ ਅਤੇ ਲਗਨ ਨਾਲ ਮਿਲ—ਜੁਲ ਕੇ ਇਸ ਸਰਵੇ ਨੂੰ ਨੇਪਰੇ ਚਾੜਿ੍ਹਆ ਹੈ।ਉਨ੍ਹਾਂ ਪਿੰਡਾਂ ਦੇ ਲੋਕਾਂ ਖ਼ਾਸਕਰ ਸਰਪੰਚਾਂ ਦਾ ਵੀ ਸਹਿਯੋਗ ਦੇਣ ਲਈ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਰਵੇ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ ਅਤੇ ਪਿੰਡਾਂ ਨੂੰ ਪੂਰੀ ਤਰ੍ਹਾਂ ਕੋਵਿਡ ਮੁਕਤ ਬਣਾਉਣ ਵਿਚ ਛੇਤੀ ਹੀ ਲਾਹੇਵੰਦ ਸਿੱਧ ਹੋਵੇਗਾ।ਉਨ੍ਹਾਂ ਦੁਹਰਾਇਆ ਕਿ ਭਾਵੇਂ ਸ਼ਹਿਰਾਂ ਅਤੇ ਪਿੰਡਾਂ ਵਿਚ ਕੋਵਿਡ ਦੇ ਮਾਮਲੇ ਕਾਫ਼ੀ ਘੱਟ ਗਏ ਹਨ ਪਰ ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਹਿਲਾਂ ਵਾਂਗ ਹੀ ਪਾਲਣਾ ਕਰਨ ਦੀ ਬੇਹੱਦ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਮਾਮਲੇ ਘਟਣ ਦਾ ਮਤਲਬ ਇਹ ਨਾ ਸਮਝਿਆ ਜਾਵੇ ਕਿ ਇਹ ਬੀਮਾਰੀ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ।ਇਹ ਯਕੀਨੀ ਕਰਨ ਲਈ ਕਿ ਇਹ ਬੀਮਾਰੀ ਮੁੜ ਭਿਆਨਕ ਰੂਪ ਵਿਚ ਸਾਹਮਣੇ ਨਾ ਆਵੇ, ਸਾਨੂੰ ਸਾਰਿਆਂ ਨੂੰ ਮਾਸਕ ਪਾਉਣ, ਇਕ ਦੂਜੇ ਤੋਂ ਦੋ ਗਜ਼ ਦੀ ਦੂਰੀ ਰੱਖਣ ਅਤੇ ਵਾਰ—ਵਾਰ ਹੱਥ ਧੋਣ ਜਿਹੀਆਂ ਬੁਨਿਆਦੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ। ਮਾੜੀੑਮੋਟੀ ਤਕਲੀਫ਼ ਹੋਣ ’ਤੇ ਹਸਪਤਾਲ ਜਾਣ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾਵੇ।