ਹੰਡਿਆਇਆ/ਬਰਨਾਲਾ, : ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਹਰਿਆਵਾਲ ਮੁਹਿੰਮ ਨੂੰ ਹੁਲਾਰਾ ਦਿੰਦੇ ਹੋਏ ਵਿਦਿਆਰਥੀਆਂ ਨੇ ਮੋਗਾ ਬਾਈਪਾਸ ਵਿਖੇ ਬਣੇ ਵਾਤਾਵਰਨ ਪਾਰਕ ’ਚ ਪੌਦੇ ਲਾਏ। ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਪ੍ਰੇਰਿਤ ਕਰਦਿਆਂ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਇਸ ਮੁਹਿੰਮ ਦਾ ਮਕਸਦ ਵਿਦਿਆਰਥੀਆਂ ਵਿਚ ਪੌਦੇ ਲਾਉਣ ਅਤੇ ਵਾਤਾਵਰਣ ਸੰਭਾਲ ਦੀ ਪਿਰਤ ਪਾਉਣਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਰਨਾਲਾ, ਸਰਕਾਰੀ ਹਾਈ ਸਕੂਲ ਜੁਮਲਾ ਮਾਲਕਾਨ ਅਤੇ ਵਾਈਐਸ ਸਕੂਲ ਹੰਡਿਆਇਆ ਦੇ 5-5 ਵਿਦਿਆਰਥੀਆਂ ਵੱਲੋਂ ਵਾਤਾਵਰਣ ਪਾਰਕ ’ਚ ਪੌਦੇ ਲਾਏ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਤਾਵਰਣ ਪਾਰਕ ਦਾ ਕੰਮ ਬਠਿੰਡਾ-ਸੰਗਰੂਰ ਰੋਡ ’ਤੇ ਮੋਗਾ ਬਾਈਪਾਸ ਵਿਖੇ ਪਿਛਲੇ ਸਾਲ ਫਰਵਰੀ ਵਿੱਚ ਖਾਲੀ ਪਈ ਜ਼ਮੀਨ ’ਤੇ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ 800 ਪੌਦੇ ਲਗਾਏ ਗਏ ਹਨ। ਇਨਾਂ ਵਿਚ ਰਵਾਇਤੀ ਪੌਦੇ, ਫਲਦਾਰ, ਫੁੱਲਦਾਰ ਤੇ ਮੈਡੀਸਿਨਲ ਪੌਦੇ ਸ਼ਾਮਲ ਹਨ। ਉਨਾਂ ਦੱਸਿਆ ਕਿ ਇਹ ਪਾਰਕ ਜਿੱਥੇ ਰਾਹਗੀਰਾਂ ਲਈ ਵੱਡੀ ਸਹੂਲਤ ਹੈ, ਉਥੇ ਸਥਾਨਕ ਲੋਕਾਂ ਲਈ ਵੀ ਸੌਗਾਤ ਹੈ।
ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਇਸ ਮੁਹਿੰਮ ਵਿਚ ਸਹਿਯੋਗ ਦੇਣ ਅਤੇ ਪੌਦਿਆਂ ਨੂੰ ਅਪਣਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਆਦਿਤਯ ਡੇਚਲਵਾਲ, ਸਹਾਇਕ ਕਮਿਸ਼ਨਰ ਸ੍ਰੀ ਅਸ਼ੋਕ ਕੁਮਾਰ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਜਗਤਾਰ ਸਿੰਘ ਸਿੱਧੂ, ਬੀਡੀਪੀਓ ਸ਼ਵਿੰਦਰ ਸਿੰੰਘ, ਵਣ ਮੰਡਲ ਅਫਸਰ ਖੁਸ਼ਵਿੰਦਰ ਸਿੰਘ, ਵਣ ਰੇਂਜ ਅਫਸਰ ਅਜੀਤ ਸਿੰਘ, ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਸੀਨੀਅਰ ਸਿਟੀਜ਼ਨ ਵਕੀਲ ਚੰਦ ਗੋਇਲ ਤੇ ਸਮਾਜ ਸੇਵੀ ਰਾਜੇਸ਼ ਭੁਟਾਨੀ ਸਣੇ ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।