ਚੰਡੀਗੜ੍ਹ: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਵਿਚ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ। ਵਧੇ ਤਾਪਮਾਨ ਅਤੇ ਲੂ ਦੇ ਥਪੇੜਿਆਂ ਦੇ ਕਾਰਨ ਹਰ ਕੋਈ ਮੁੜਕੋ-ਮੁੜਕੀ ਹੋ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਹੁਣ ਸਾਰਿਆਂ ਨੂੰ ਮੀਂਹ ਦੀ ਉਡੀਕ ਹੈ। ਹਰ ਕੋਈ ਟਿਕਟਿਕੀ ਲਾਈ ਆਸਮਾਨ ਵਲ ਵੇਖ ਰਿਹਾ ਹੈ ਕਿ ਕਦੋਂ ਰਾਹਤ ਦੀਆਂ ਬੂੰਦਾਂ ਟਪਕਣ। ਮੌਸਮ ਵਿਗਿਆਨੀਆਂ ਮੁਤਾਬਕ ਚੰਡੀਗੜ੍ਹ ਵਿਚ 11ਜੂਨ ਨੂੰ ਵੈਸਟਰਨ ਹਵਾਵਾਂ ਸਰਗਰਮ ਹੋਣਗੀਆਂ ਜਦਕਿ ਪੰਜਾਬ ਵਿਚ 12 ਅਤੇ ਹਰਿਆਣਾ ਵਿਚ 13 ਤੋਂ 16 ਜੂਨ ਵਿਚਾਲੇ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਪਾਰਾ 43 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਮੁਤਾਬਕ ਪਟਿਆਲਾ ਸਭ ਤੋਂ ਗਰਮ ਰਿਹਾ। ਇਥੋਂ ਦਾ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਰੀਕਾਰਡ ਕੀਤਾ ਗਿਆ ਜੋ ਆਮ ਤੋਂ ਚਾਰ ਡਿਗਰੀ ਜ਼ਿਆਦਾ ਰਿਹਾ। ਗਰਮ ਹਵਾਵਾਂ ਤੋਂ ਲੋਕ ਬੇਚੈਨ ਹਨ। ਕਈ ਜ਼ਿਲਿ੍ਹਆਂ ਵਿਚ ਤਾਂ ਦਿਨ ਦਾ ਪਾਰਾ ਆਮ ਤੋਂ ਪੰਜ ਤੋਂ ਛੇ ਡਿਗਰੀ ਸੈਲਸੀਅਸ ਜ਼ਿਆਦਾ ਹੈ। ਰਾਤ ਵਿਚ ਵੀ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਰਹੀ। ਪਟਿਆਲਾ ਵਿਚ ਘੱਟੋ ਘੱਟ ਤਾਪਮਾਨ ਵੀ 30.6 ਡਿਗਰੀ ਰੀਕਾਰਡ ਕੀਤਾ ਗਿਆ ਜੋ ਆਮ ਤੋਂ ਛੇ ਡਿਗਰੀ ਜ਼ਿਆਦਾ ਸੀ। ਪੰਜਾਬ ਖੇਤੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਤਾਪਮਾਨ ਹਾਲੇ ਹੋਰ ਚੜ੍ਹੇਗਾ। ਪੀਯੂ ਦੇ ਮੌਸਮ ਮਾਹਰ ਡਾ. ਕੇ ਕੇ ਗਿੱਲ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਤਾਪਮਾਨ ਵਧਣ ਦੇ ਨਾਲ ਨਾਲ ਹੁੰਮਸ ਵੀ ਵਧੀ ਹੈ। ਆਉਣ ਵਾਲੇ ਤਿੰਨ ਦਿਨਾਂ ਵਿਚ ਹੋਰ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 12 ਜੂਨ ਤੋਂ ਪੰਜਾਬ ਵਿਚ ਮੌਸਮ ਬਦਲੇਗਾ। ਪਛਮੀ ਹਵਾਵਾਂ ਦੇ ਸਰਗਰਮ ਹੋਣ ਨਾਲ ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਬੱਦਲ ਛਾਏ ਰਹਿ ਸਕਦੇ ਹਨ ਅਤੇ ਮੀਂਹ ਪਵੇਗਾ। 20 ਜੂਨ ਤੋਂ ਪ੍ਰੀ ਮਾਨਸੂਨ ਆ ਜਾਵੇਗਾ ਜਦਕਿ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਮਾਨਸੂਨ ਦੀ ਦਸਤਕ ਹੋਵੇਗੀ।