ਬਠਿੰਡਾ:ਠੇਕਾ ਮੁਲਾਜਮ ਸੰਘਰਸ਼ ਕਮੇਟੀ ਵੱਲੋਂ ਮੰਤਰੀਆਂ ਦੀਆਂ ਕੋਠੀਆਂ ਅੱਗੇ ਦਿਨ ਰਾਤ ਦੇ ਧਰਨਿਆਂ ਦਾ ਐਲਾਨ ਕਰਦਿਆਂ ਆਪਣੀ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਸੰਘਰਸ਼ ਭਖਾਉਣ ਦਾ ਐਲਾਨ ਕੀਤਾ ਹੈ। ਜੱਥੇਬੰਦੀ ਦੇ ਆਗੂ ਗੁਰਵਿੰਦਰ ਸਿੰਘ ਪੰਨੂ ਅਤੇ ਖੁਸ਼ਦੀਪ ਸਿੰਘ ਨੇ ਕਿਹਾ ਕਿ 19 ਅਤੇ 20 ਜੁੂਨ ਨੂੰ ਪੰਜਾਬ ਚ ਤਿੰਨ ਥਾਵਾਂ - ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ , ਵਿੱਤ ਮੰਤਰੀ ਦੇ ਪਿੰਡ ਬਾਦਲ ਅਤੇ ਤਿ੍ਰਪਤ ਰਜਿੰਦਰ ਬਾਜਵਾ ਦੇ ਸ਼ਹਿਰ ਕਾਦੀਆਂ ਚ ਪਰਿਵਾਰਾਂ ਸਮੇਤ ਦੋ ਰੋਜਾ ਵਿਸ਼ਾਲ ਧਰਨੇ ਦੇ ਕੇ ਸ਼ਹਿਰਾਂ ਤੇ ਪਿੰਡਾਂ’ਚ ਰੋਸ ਮਾਰਚ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਇੱਕ ਜੁਲਾਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ’ਚ ਵੱਡਾ ਇਕੱਠ ਕਰਕੇ ਧਰਨਾ ਤੇ ਮੁਜ਼ਾਹਰੇ ਰਾਹੀਂ ਪੰਜਾਬ ਸਰਕਾਰ ਨੂੰ ਸੁਨਾਉਣੀ ਸੁਣਾਈ ਜਾਵੇਗੀ ਕਿ ਸਰਕਾਰ ਉਨ੍ਹਾਂ ਦੀ ਮੰਗ ਮੰਨੇ ਨਹੀਂ ਤਾਂ ਮੁਲਾਜਮ ਚੈਨ ਨਾਲ ਨਹੀਂ ਬੈਠਣਗੇ ਅਤੇ ਇਸ ਤੋਂ ਵੀ ਤਿੱਖਾ ਸੰਘਰਸ਼ ਵਿੱਢਿਆ ਜਾਏਗਾ।
ਸਰਕਾਰ ਦੇ ਮੁਲਾਜਮ ਪ੍ਰਤੀ ਵਤੀਰੇ ਦੀ ਆਗੂਆਂ ਨੇਂ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਪਿਛਲੀ ਸਰਕਾਰ ਵੱਲੋਂ ਬਣਾਇਆ ਖਾਮੀਆਂ ਭਰਪੂਰ ਮੁਲਾਜ਼ਮ ਵੈਲਫੇਅਰ ਐਕਟ 2016 ਰੱਦ ਕਰ ਦਿੱਤਾ ਹੈ ਅਤੇ ਗੱਲਬਾਤ ਰਾਹੀਂ ਮੰਗਾਂ ਦਾ ਨਿਪਟਾਰਾ ਕਰਨ ਦੀ ਥਾਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਾਰ ਵਾਰ ਮੀਟਿੰਗਾਂ ਦੀਆਂ ਤਰੀਕਾਂ ਦੇਕੇ ਗੱਲਬਾਤ ਦੀ ਆਪਣੀ ਵਿਧਾਨਕ ਜਿੰਮੇਵਾਰੀ ਤੋਂ ਭੱਜਦੀ ਆ ਰਹੀ ਹੈ ਜਿਸ ਕਰਕੇ ਹੁਣ ਸੜਕਾਂ ਤੇ ਉੱਤਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਠੇਕਾ ਮੁਲਾਜਮਾਂ ਕੋਲ ਆਪਣੇ ਪੱਕੇ ਰੁਜਗਾਰ ਦੀ ਲਈ ਸੰਘਰਸ਼ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਹੈ ਜਦੋਕਿ ਪੰਜਾਬ ਸਰਕਾਰ ਵੱਲੋਂ ਅਪਣਾਇਆ ਜਾ ਰਹਿਾ ਵਤੀਰਾ ਉਸ ਦੇ ਗ਼ੈਰ ਵਿਧਾਨਕ ਗੈਰ ਜਮਹੂਰੀ ਵਿਹਾਰ ਅਤੇ ਠੇਕਾ ਮੁਲਾਜਮਾਂ ਦੀਆਂ ਮੰਗਾਂ ਦੇ ਵਾਜਬ ਹੋਣ ਦੀ ਪੁਸ਼ਟੀ ਕਰਦਾ ਹੈ ।
ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂ ਕਰਮਜੀਤ ਦਿਓੁਣ , ਜਗਜੀਤ ਸਿੰਘ ਗੋਰਾ ਭੁੱਚੋ ਤੇ ਇਕਬਾਲ ਸਿੰਘ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਬਾਦਲ ਜਾਣ ਦੀ ਤਿਆਰੀ ਲਈ ਪਰਿਵਾਰਾਂ ਦੀ ਸ਼ਮੂਲੀਅਤ ਕਰਵਾਉਣ ਵਾਸਤੇ ਘਰ ਘਰ ਚ ਪਹੁੰਚ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਜੇਕਰ ਲੰਬੀ ਜੱਦੋਜਹਿਦ ਉਪਰੰਤ ਸੰਸਾਰ ਭਰ ਦੇ ਕਾਮਿਆਂ ਨੇ ਲੁਟੇਰੇ ਮਾਲਕਾਂ ਨੂੰ ਸੰਘਰਸ਼ ਦੇ ਜ਼ੋਰ ਗੋਡਣੀਆਂ ਭਾਰ ਕਰਕੇ ਯੂਨੀਅਨ ਬਣਾਉਣ ,ਤਨਖਾਹ ਤੈਅ ਕਰਨ ਅਤੇ ਅੱਠ ਘੰਟੇ ਦੀ ਦਿਹਾੜੀ ਦਾ ਅਧਿਕਾਰ ਹਾਸਲ ਕਰ ਲਿਆ ਸੀ ਤਾਂ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ ਤਿੱਖੇ ਸੰਘਰਸ਼ਾਂ ਦੇ ਜ਼ੋਰ ਤੇ ਝੁਕਾ ਕੇ ਹੱਕਾਂ ਦੀ ਪ੍ਰਾਪਤੀ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਇਸ ਲਈ ਸੰਘਰਸ਼ੀ ਅਖਾੜਿਆਂ ਨੂੰ ਜੋਸ਼ ਨਾਲ ਮਘਾਉਣ ਅਤੇ ਪਰਿਵਾਰਾਂ ਦੀ ਸੰਘਰਸ਼ ਵਿੱਚ ਸ਼ਮੂਲੀਅਤ ਯਕੀਨੀ ਬਨਾਉਣ ਦੀ ਅਪੀਲ ਕਰਦਿਆਂ ਪਮੰਤਰੀਆਂ , ਭਾਜਪਾ ਅਤੇ ਅਕਾਲੀਆਂ ਖਿਲਾਫ ਵਿਰੋਧ ਤੇਜ਼ ਕਰਕੇ ਇਹਨਾਂ ਦਾ ਪਿੰਡਾਂ ਚ ਦਾਖਲ ਹੋਣਾ ਬੰਦ ਕਰਨ ਦਾ ਸੱਦਾ ਵੀ ਦਿੱਤਾ।