ਚੰਡੀਗੜ੍ਹ : ਪੰਜਾਬ ਵਿਚ ਕਾਂਗਰਸ ਹਾਈ ਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ‘ਜੰਗ’ ਨੂੰ ਖ਼ਤਮ ਕਰਨ ਲਈ ਕਮੇਟੀ ਦਾ ਗਠਨ ਕੀਤਾ ਸੀ ਪਰ ਉਸ ਦੇ ਤਮਾਮ ਯਤਨ ਅਸਫ਼ਲ ਹੁੰਦੇ ਦਿਸ ਰਹੇ ਹਨ। ਕੈਪਟਨ ਦੀ ਲੀਡਰਸ਼ਿਪ ਬਣੀ ਰਹਿਣ ਅਤੇ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਦਿਤੇ ਜਾਣ ਦੀ ਪੇਸ਼ਕਸ਼ ਸਿੱਧੂ ਨੂੰ ਸਿੱਧੂ ਨੇ ਠੁਕਰਾ ਦਿਤਾ ਹੈ। ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਨੇ ਮਲਿਕਾਅਰਜੁਨ ਖੜਗੇ ਦੀ ਪ੍ਰਧਾਨਗੀ ਵਾਲੀ ਕਮੇਟੀ ਨੂੰ ਸਾਫ਼ ਕਹਿ ਦਿਤਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰਨ ਵਿਚ ਸਹਿਜ ਨਹੀਂ ਰਹਿਣਗੇ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਪੈਨਲ ਨੂੰ ਕਿਹਾ ਹੈ ਕਿ ਜੇ ਉਹ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਸਵੀਕਾਰ ਵੀ ਕਰ ਲੈਂਦੇ ਹਨ ਤਾਂ ਵੀ ਉਹ ਸਹਿਜਤਾ ਨਾਲ ਕੰਮ ਨਹੀਂ ਕਰ ਸਕਣਗੇ। ਕਾਂਗਰਸ ਦੇ ਸੂਤਰਾਂ ਮੁਤਾਬਕ ਸਿੱਧੂ ਨੇ ਕਮੇਟੀ ਨੂੰ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਹੁੰਚ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਰਾਜ ਵਿਚ ਕਾਂਗਰਸ ਦੇ ਵਿਧਾਇਕਾਂ, ਪਾਰਟੀ ਕਾਰਕੁਨਾਂ ਅਤੇ ਆਗੂਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਹੋ ਨਹੀਂ, ਬਾਦਲ ਪਰਵਾਰ ’ਤੇ ਹਮੇਸ਼ਾ ਹਮਲਾਵਰ ਰਹਿਣ ਵਾਲੇ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਕੰਮਕਾਜ ਨੂੰ ਪ੍ਰਭਾਵਤ ਕਰ ਰਹੇ ਹਨ। ਕਮੇਟੀ ਸਾਹਮਣੇ ਸਿੱਧੂ ਦੀ ਇਸ ਰਾਏ ਤੋਂ ਸਾਫ਼ ਹੋ ਗਿਆ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਦਰਾੜ ਨੂੰ ਭਰਨਾ ਹਾਈ ਕਮਾਨ ਲਈ ਟੇਢੀ ਖੀਰ ਬਣ ਗਿਆ ਹੈ। ਮੰਨਿਆ ਜਾ ਰਿਹਾ ਸੀ ਕਿ ਕਮੇਟੀ ਵਲੋਂ ਕਾਂਗਰਸ ਨੂੰ ਜੋ ਰੀਪੋਰਟ ਦਿਤੀ ਗਈ ਹੈ, ਉਸ ’ਤੇ ਛੇਤੀ ਹੀ ਕਾਰਵਾਈ ਹੋਵੇਗੀ ਅਤੇ ਪੰਜਾਬ ਕਾਂਗਰਸ ਵਿਚ ਸਭ ਕੁਝ ਸ਼ਾਂਤ ਹੋ ਜਾਵੇਗਾ। ਪਰ ਹੁਣ ਸਿੱਧੂ ਦੇ ਇਸ ਪੈਂਤੜੇ ਨੇ ਹਾਈ ਕਮਾਨ ਨੂੰ ਫਿਰ ਫ਼ਿਕਰਾਂ ਵਿਚ ਪਾ ਦਿਤਾ ਹੈ। ਹਾਲ ਹੀ ਵਿਚ ਅਬੋਹਰ ਵਿਚ ਸਿੱਧੂ ਦੇ ਪੋਸਟਰ ਵੇਖੇ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਸਿੱਧੂ 2022 ਲਈ ਖ਼ੁਦ ਨੂੰ ਕੈਪਟਨ ਦੇ ਤੌਰ ’ਤੇ ਪੇਸ਼ ਕਰਨ ਦਾ ਦਾਅਵਾ ਕਰ ਰਹੇ ਹਨ। ਇਹ ਉਹੀ ਸੀਟ ਹੈ ਜਿਥੋਂ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵਿਧਾਇਕ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਪ੍ਰਦੇਸ਼ ਪ੍ਰਧਾਨ ਬਣਨਾ ਚਾਹ ਰਹੇ ਹਨ। ਪਰ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਅਹੁਦਾ ਸਿੱਧੂ ਨੂੰ ਨਹੀਂ ਦਿਤਾ ਜਾ ਸਕਦਾ। ਉਹ ਇਸ ਦੇ ਸਖ਼ਤ ਵਿਰੁਧ ਹਨ। ਜੋ ਕੁਝ ਵੀ ਹੋਵੇ, ਪੰਜਾਬ ਵਿਚ ਕਾਂਗਰਸ ਲਈ ਫ਼ਿਲਹਾਲ ਮੁਸ਼ਕਲ ਦੀ ਘੜੀ ਬਣੀ ਹੋਈ ਹੈ।