ਫਾਜ਼ਿਲਕਾ ਦੇ ਟਰਸ਼ਰੀ ਕੈਂਸਰ ਕੇਅਰ ਸੈਂਟਰ ਨੂੰ ਅਗਲੇ ਸਾਲ ਮਾਰਚ ਤੱਕ ਮੁਕੰਮਲ ਕਰਨ ਦੇ ਵੀ ਦਿੱਤੇ ਹੁਕਮ
ਚੰਡੀਗੜ੍ਹ : ਸੂਬੇ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਮੈਡੀਕਲ ਸਿੱਖਿਆ ਵਿਭਾਗ ਨੂੰ ਅੰਮ੍ਰਿਤਸਰ ਦੇ ਸਟੇਟ ਕੈਂਸਰ ਇੰਸਟੀਚਿਊਟ ਨੂੰ ਇਸੇ ਵਿੱਤੀ ਵਰ੍ਹੇ ਵਿੱਚ ਕਾਰਜਸ਼ੀਲ ਕਰਨ ਦੀ ਹਦਾਇਤ ਕੀਤੀ ਹੈ।
ਇਥੇ ਕੈਂਸਰ ਇੰਸਟੀਚਿਊਟ ਦੇ ਚੱਲ ਰਹੇ ਸਿਵਲ ਅਤੇ ਹੋਰ ਸਬੰਧਤ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ 120 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਵਿੱਚ ਅਤਿ ਆਧੁਨਿਕ 150 ਬੈੱਡਾਂ ਵਾਲਾ ਕੰਪਲੈਕਸ ਹੋਵੇਗਾ ਜੋ ਕੈਂਸਰ ਦੇ ਮਰੀਜ਼ਾਂ ਨੂੰ ਆਲਮੀ ਦਰਜੇ ਦੀਆਂ ਇਲਾਜ ਸਹੂਲਤਾਂ ਪ੍ਰਦਾਨ ਕਰੇਗਾ।
ਪੀ.ਐਚ.ਐਸ.ਸੀ. ਵੱਲੋਂ ਕੀਤੇ ਜਾ ਰਹੇ ਸਿਵਲ ਕਾਰਜਾਂ ਲਈ ਸਮਾਂ ਸੀਮਾ ਤੈਅ ਕਰਦਿਆਂ ਸ੍ਰੀਮਤੀ ਮਹਾਜਨ ਨੇ ਹਦਾਇਤ ਕੀਤੀ ਕਿ ਸਿਵਲ ਕਾਰਜਾਂ ਨੂੰ ਅਕਤੂਬਰ, 2021 ਤੱਕ ਪੂਰਾ ਕੀਤਾ ਜਾਵੇ ਅਤੇ ਇਸ ਤੋਂ ਤੁਰੰਤ ਬਾਅਦ ਸਾਜ਼ੋ-ਸਾਮਾਨ ਦੀ ਸਥਾਪਤੀ ਮੁਕੰਮਲ ਕੀਤੀ ਜਾਵੇ।
ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਫਾਜ਼ਿਲਕਾ ਵਿੱਚ ਟਰਸ਼ਰੀ ਕੈਂਸਰ ਕੇਅਰ ਸੈਂਟਰ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ ਅਤੇ ਇਸ ਪ੍ਰਾਜੈਕਟ ਦੇ ਚੱਲ ਰਹੇ ਸਿਵਲ ਕਾਰਜਾਂ ਨੂੰ ਮਾਰਚ, 2022 ਤੱਕ ਮੁਕੰਮਲ ਕਰਨ ਲਈ ਕਿਹਾ।
ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਡੀ.ਕੇ. ਤਿਵਾੜੀ, ਪੀ.ਐਚ.ਐਸ.ਸੀ. ਦੇ ਐਮ.ਡੀ. ਤਨੂ ਕਸ਼ਯਪ ਅਤੇ ਬੀ.ਐਫ.ਯੂ.ਐਚ.ਐਸ. ਦੇ ਵੀ.ਸੀ. ਡਾ ਰਾਜ ਰਾਜ ਬਹਾਦਰ ਮੌਜੂਦ ਸਨ।