ਨਵੀਂ ਦਿੱਲੀ : ਘਰ ਵਿਚ ਸੋਨੇ ਦੇ ਗਹਿਣੇ ਰੱਖਣ ਵਾਲਿਆਂ ਲਈ ਜ਼ਰੂਰੀ ਖ਼ਬਰ ਹੈ। ਜੇ ਤੁਹਾਡੇ ਘਰ ਵਿਚ ਵੀ ਤੁਹਾਡੇ ਗਹਿਣੇ ਰੱਖੇ ਹੋਏ ਹਨ ਤਾਂ ਨਵੇਂ ਨਿਯਮਾਂ ਮੁਤਾਬਕ ਕੇਂਦਰ ਸਰਕਾਰ ਨੇ 16 ਜੂਨ ਤੋਂ ਦੇਸ਼ ਦੇ ਕਈ ਜ਼ਿਲਿ੍ਹਆਂ ਵਿਚ ਸੋਨੇ ’ਤੇ ਹਾਲਮਾਰਕਿੰਗ ਨੂੰ ਜ਼ਰੂਰੀ ਕਰ ਦਿਤਾ ਹੈ ਯਾਨੀ ਹੁਣ ਕੋਈ ਵੀ ਵਪਾਰੀ ਬਿਨਾਂ ਹਾਲਮਾਰਕਿੰਗ ਵਾਲੇ ਗਹਿਣੇ ਨਹੀਂ ਵੇਚ ਸਕੇਗਾ। ਸਰਕਾਰ ਨੇ ਕਿਹਾ ਹੈ ਕਿ ਗੋਲਡ ਹਾਲਮਾਰਕਿੰਗ ਤਹਿਤ ਦੇਸ਼ ਦੇ ਸਾਰੇ ਸੋਨਾ ਵਪਾਰੀ ਸੋਨੇ ਦੇ ਗਹਿਣੇ ਜਾਂ ਕਲਾਕ੍ਰਿਤੀ ਵੇਚਣ ਲਈ ਵੀਆਈਐਸ ਸਟੈਂਡਰਡ ਦੇ ਮਾਪਦੰਡਾਂ ਨੂੰ ਪੂਰਾ ਕਰਨ। ਜੋ ਵੀ ਵਪਾਰੀ ਇਨ੍ਹਾਂ ਮਾਪਦੰਡਾਂ ਨੂੰ ਪੂਰਾ ਨਹੀਂ ਕਰੇਗਾ, ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਿਆਨ ਮੁਤਾਬਕ 16 ਜੂਨ ਤੋਂ ਫ਼ਿਲਹਾਲ 256 ਜ਼ਿਲਿ੍ਹਆਂ ਦੇ ਜੌਹਰੀਆਂ ਨੂੰ ਕੇਵਲ 14, 18 ਅਤੇ 22 ਕੈਰੇਟ ਸੋਨੇ ਦੇ ਗਹਿਣੇ ਵੇਚਣ ਦੀ ਆਗਿਆ ਹੋਵੇਗੀ, ਵਾਧੂ 20,23 ਅਤੇ 24 ਕੈਰੇਟ ਦੇ ਸੋਨੇ ਲਈ ਹਾਲਮਾਰਕਿੰਗ ਦੀ ਆਗਿਆ ਹੋਵੇਗੀ। ਇਹ ਨਿਯਮ ਹੌਲੀ ਹੌਲੀ ਸਾਰੇ ਦੇਸ਼ ਵਿਚ ਲਾਗੂ ਹੋਵੇਗਾ। ਫ਼ਿਲਹਾਲ ਛੋਟੇ ਵਪਾਰੀਆਂ ਨੂੰ ਇਸ ਦੇ ਦਾਇਰੇ ਤੋਂ ਬਾਹਰ ਰਖਿਆ ਗਿਆ ਹੈ। ਸਰਕਾਰ ਦੇ ਇਸ ਫ਼ੈਸਲੇ ਮਗਰੋਂ ਪੁਰਾਣੇ ਗਹਿਣੇ ਰੱਖਣ ਵਾਲੇ ਫ਼ਿਕਰਾਂ ਵਿਚ ਪੈ ਗਏ ਹਨ ਕਿ ਉਨ੍ਹਾਂ ਦੇ ਪੁਰਾਣੇ ਬਿਨਾਂ ਹਾਲਮਾਰਕਿੰਗ ਵਾਲੇ ਗਹਿਣਿਆਂ ਦਾ ਹੁਣ ਕੀ ਹੋਵੇਗਾ? ਪਰ ਫ਼ਿਕਰ ਨਾ ਕਰੋ ਕਿਉਂਕਿ 15 ਜੂਨ 2021 ਤੋਂ ਬਾਅਦ ਵੀ ਤੁਸੀਂ ਅਪਣੇ ਬਿਨਾਂ ਹਾਲਮਾਰਕਿੰਗ ਵਾਲੇ ਗਹਿਣੇ ਨੂੰ ਐਕਸਚੇਂਜ ਕਰ ਸਕਦੇ ਹੋ। ਇਸ ਦੇ ਇਲਾਵਾ ਤੁਸੀਂ ਚਾਹੋ ਤਾਂ ਅਪਣੇ ਗਹਿਣਿਆਂ ਜ਼ਰੀਏ ਇਸ ਦੀ ਹਾਲਮਾਰਕਿੰਗ ਵੀ ਕਰਵਾ ਸਕਦੇ ਹੋ। ਹਾਲਮਾਰਕਿੰਗ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਗਾਹਕਾਂ ਨੂੰ ਹੁੰਦਾ ਹੈ। ਇਸ ਜ਼ਰੀਏ ਸੋਨੇ ਦੀ ਖ਼ਰੀਦਦਾਰੀ ਦੇ ਸਮੇਂ ਹੋਣ ਵਾਲੇ ਧੋਖੇ ਤੋਂ ਬਚਿਆ ਜਾ ਸਕਦਾ ਹੈ। ਕੇਂਦਰ ਸਰਕਾਰ ਨੇ ਗਹਿਣੇ ਵੇਚਣ ਲਈ ਨਵੀਂ ਵਿਵਸਥਾ ਨੂੰ ਲਾਗੂ ਕਰਨ ਲਈ ਕਮੇਟੀ ਵੀ ਬਣਾਈ ਹੈ।