ਚੰਡੀਗੜ੍ਹ: ਬੀਤੇ ਚੌਵੀ ਘੰਟਿਆਂ ਦੌਰਾਨ ਪੰਜਾਬ 'ਚ 626 ਨਵੇਂ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ। ਇਸ ਦੌਰਾਨ 35 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਖਾਸ ਗੱਲ ਇਹ ਰਹੀ ਕਿ ਵੀਰਵਾਰ 1,229 ਲੋਕ ਕੋਰੋਨਾ ਤੋਂ ਠੀਕ ਹੋਕੇ ਘਰਾਂ ਨੂੰ ਪਰਤੇ। ਪੰਜਾਬ 'ਚ ਮੌਜੂਦਾ ਸਮੇਂ 8829 ਕੇਸ ਐਕਟਿਵ ਹਨ ਯਾਨੀ ਕਿ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੂਬੇ 'ਚ ਹੁਣ ਤਕ ਕੁੱਲ 15,771 ਲੋਕਾਂ ਦੀ ਮੌਤ ਹੋਈ ਹੈ। ਪੰਜਾਬ 'ਚ ਇਸ ਸਮੇਂ 2062 ਲੋਕ ਆਕਸੀਜਨ ਸਪੋਰਟ 'ਤੇ ਹਨ। ਜਦਕਿ 170 ਲੋਕਾਂ ਦੀ ਹਾਲਤ ਗੰਭੀਰ ਬਣੀ ਹੈ ਤੇ ਵੈਂਟੀਲੇਟਰ ਸਪੋਰਟ 'ਤੇ ਹਨ। ਇਥੇ ਦਸ ਦਈਏ ਕਿ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵਿਚ ਵੀ ਕੋਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।
ਇਸ ਦੇ ਨਾਲ ਹੀ ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਦੇ ਵਿਚਕਾਰ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ 3 ਮਈ ਤੋਂ ਰਿਕਵਰੀ ਰੇਟ ਵਿੱਚ ਵਾਧਾ ਦੇਖ ਰਹੇ ਹਾਂ, ਜੋ ਹੁਣ 96 ਫੀਸਦੀ ਹੈ ਉਨ੍ਹਾਂ ਕਿਹਾ ਕਿ ਅਸੀਂ ਸਰਗਰਮ ਮਾਮਲਿਆਂ ਵਿੱਚ ਵੀ ਗਿਰਾਵਟ ਵੇਖ ਰਹੇ ਹਾਂ। 11 ਜੂਨ ਤੋਂ 17 ਜੂਨ ਦੇ ਵਿਚਕਾਰ, 513 ਜ਼ਿਲ੍ਹਿਆਂ ਵਿੱਚ ਕੁੱਲ ਸਕਾਰਾਤਮਕ ਮਾਮਲੇ 5 ਫੀਸਦੀ ਤੋਂ ਘੱਟ ਸਨ। ਲਵ ਅਗਰਵਾਲ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 62,480 ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 11 ਦਿਨਾਂ ਤੋਂ ਇੱਕ ਲੱਖ ਤੋਂ ਘੱਟ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਕੇਸਾਂ ਦੀ ਪੀਕ ਵਿੱਚ 85 ਫੀਸਦੀ ਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲਿਆਂ ਦੀ ਗਿਣਤੀ 7,98,656 'ਤੇ ਆ ਗਈ ਹੈ। ਪਿਛਲੇ 3 ਦਿਨਾਂ ਵਿੱਚ ਕਿਰਿਆਸ਼ੀਲ ਮਾਮਲਿਆਂ 'ਚ 1,14,000 ਦੀ ਕਮੀ ਆਈ ਹੈ। ਹਰ ਦਿਨ ਲੱਗਭਗ 18.4 ਲੱਖ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ।