ਅਮਰੀਕਾ : ਡੋਨਾਲਡ ਟਰੰਪ ਨੇ ਅਮਰੀਕਾ ਵਿਚ ਰਹਿ ਰਹੇ 9 ਲੱਖ ਪ੍ਰਵਾਸੀਆਂ ਨੂੰ ਝਟਕਾ ਦਿੱਤਾ ਹੈ। ਟਰੰਪ ਵੱਲੋਂ ਉਨ੍ਹਾਂ ਦੇ ਕਾਨੂੰਨੀ ਪਰਮਿਟ ਰੱਦ ਕੀਤੇ ਗਏ ਹਨ। ਇਹ ਪ੍ਰਵਾਸੀ ਸਾਬਕਾ ਰਾਸ਼ਟਰਪਤੀ ਜੋ ਬਾਇਡੇਨ ਸਮੇਂ ਲਿਆਂਦੀ ਗਈ CBP One ਐਪ ਨੀਤੀ ਜ਼ਰੀਏ ਅਮਰੀਕਾ ਆਏ ਸਨ। ਟਰੰਪ ਪ੍ਰਸ਼ਾਸਨ ਨੇ ਬਾਇਡੇਨ ਦੀ ਨੀਤੀ ਨੂੰ ਪਲਟਦੇ ਹੋਏ ਇਨ੍ਹਾਂ ਪ੍ਰਵਾਸੀਆਂ ਦੇ ਅਮਰੀਕਾ ਵਿਚ ਰਹਿਣ ਦੇ ਕਾਨੂੰਨੀ ਪਰਮਿਟ ਨੂੰ ਖਤਮ ਕਰ ਦਿੱਤਾ ਹੈ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਜਨਵਰੀ 2023 ਦੇ ਬਾਅਦ ਤੋਂ ਬਾਇਡੇਨ ਪ੍ਰਸ਼ਾਸਨ ਦੇ ਇਸ ਐਪ ਨੀਤੀ ਤਹਿਤ 9 ਲੱਖ ਤੋਂ ਜ਼ਿਆਦਾ ਪ੍ਰਵਾਸੀ ਅਮਰੀਕਾ ਆਏ। ਉਨ੍ਹਾਂ ਨੂੰ ਇਸ ਪ੍ਰੋਗਰਾਮ ਵਿਚ 2 ਸਾਲ ਲਈ ਅਸਥਾਈ ਤੌਰ ‘ਤੇ ਰਹਿਣ ਦੇ ਕੰਮ ਕਰਨ ਦੀ ਇਜਾਜ਼ਤ ਮਿਲੀ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਪਰਮਿਟਾਂ ਨੂੰ ਰੱਦ ਕਰ ਦਿੱਤਾ ਹੈ। ਅਜਿਹੇ ਵਿਚ ਇਹ ਪ੍ਰਵਾਸੀ ਖੁਦ ਹੀ ਅਮਰੀਕਾ ਛੱਡ ਕੇ ਚਲੇ ਜਾਣ।