ਸਾਊਥੰਪਟਨ : ਭਾਰਤੀ ਕ੍ਰਿਕਟ ਟੀਮ ਨੇ ਨਿਊਜੀਲੈਂਡ ਖਿਲਾਫ਼ ਇੱਥੇ ਦ ਰੋਜ਼ ਬਾਊਲ 'ਚ ਖੇਡੇ ਜਾ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਫਾਈਨਲ ਮੁਕਾਬਲੇ ਦੇ ਤੀਜੇ ਦਿਨ ਆਪਣੀ ਪਹਿਲੀ ਪਾਰੀ 'ਚ 217 ਦੌੜਾਂ ਦਾ ਸਕੋਰ ਬਣਾਇਆ, ਮੀਂਹ ਕਾਰਨ ਤੀਜੇ ਦਿਨ ਦੀ ਖੇਡ ਥੋੜ੍ਹੀ ਦੇਰ ਨਾਲ ਸ਼ੁਰੂ ਹੋਈ ਭਾਰਤੀ ਟੀਮ ਨੇ ਲੰਚ ਤੱਕ 7 ਵਿਕਟਾਂ 'ਤੇ 211 ਦੌੜਾਂ ਬਣਾ ਲਈਆਂ ਸਨ ਪਰ ਲੰਚ ਤੋਂ ਬਾਅਦ ਟੀਮ 92.1 ਓਵਰਾਂ 'ਚ 217 ਦੌੜਾਂ 'ਤੇ ਸਿਮਟ ਗਈ। ਟੀਮ ਇੰਡੀਆ ਲਈ ਉਪ ਕਪਤਾਨ ਅਜਿੰਕਿਆ ਰਹਾਣੇ ਨੇ 117 ਗੇਂਦਾਂ 'ਤੇ ਪੰਜ ਚੌਕਿਆਂ ਦੀ ਮੱਦਦ ਨਾਲ ਸਭ ਤੋਂ ਜ਼ਿਆਦਾ 49 ਦੌੜਾਂ ਦੀ ਪਾਰੀ ਖੇਡੀ ਉਨ੍ਹਾਂ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ ਨੇ 132 ਗੇਂਦਾਂ 'ਤੇ ਇੱਕ ਚੌਕੇ ਦੇ ਸਹਾਰੇ 44 ਦੌੜਾਂ ਬਣਾਈਆਂ। ਉੁਥੇ, ਰੋਹਿਤ ਸ਼ਰਮਾ ਨੇ 34, ਸ਼ੁਭਮਨ ਗਿੱਲ ਨੇ 28, ਰਵੀਚੰਦਰਨ ਅਸ਼ਵਿਨ ਨੇ 22, ਰਵਿੰਦਰ ਜਡੇਜਾ ਨੇ 15, ਚੇਤੇਸ਼ਵਰ ਪੁਜਾਰਾ ਨੇ 8, ਰਿਸ਼ਭ ਪੰਤ ਨੇ 4, ਇਸ਼ਾਂਤ ਸ਼ਰਮਾ ਨੇ 4 ਅਤੇ ਮੁਹੰਮਦ ਸ਼ਮੀ ਨੇ ਨਾਬਾਦ 4 ਦੌੜਾਂ ਬਣਾਈਆਂ ਜਸਪ੍ਰੀਤ ਬੁਮਰਾਹ ਖਾਤਾ ਖੋਲ੍ਹੇ ਬਿਨਾਂ ਆਊਟ ਹੋਏ ਨਿਊਜ਼ੀਲੈਂਡ ਵੱਲੋਂ ਕਾਇਲ ਜੈਮੀਸਨ ਨੂੰ ਪੰਜ ਵਿਕਟਾਂ ਅਤੇ ਨੀਲ ਵੇਗਨਰ ਅਤੇ ਟ੍ਰੇਂਟ ਬੋਲਟ ਨੇ ਦੋ-ਦੋ ਵਿਕਟਾਂ ਲਈਆਂ ਜਦੋਂਕਿ ਟਿਮ ਸਾਊੁਦੀ ਨੂੰ ਇੱਕ ਵਿਕਟ ਮਿਲੀ। ਭਾਰਤ ਨੇ ਐਤਵਾਰ ਨੂੰ ਤਿੰਨ ਵਿਕਟਾਂ 'ਤੇ 146 ਦੌੜਾਂ ਤੋਂ ਆਪਣੀ ਪਾਰੀ ਅੱਗੇ ਵਧਾਈ ਪਰ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਚੰਗੀ ਤਰ੍ਹਾਂ ਜਾਲ ਵਿਛਾ ਕੇ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਤੇ ਉੱਪ ਕਪਤਾਨ ਰਹਾਣੇ ਸਮੇਤ ਚਾਰ ਬੱਲੇਬਾਜ਼ਾਂ ਨੂੰ ਪਹਿਲੇ ਸੈਸ਼ਨ ਵਿਚ ਹੀ ਪਵੇਲੀਅਨ ਭੇਜ ਕੇ ਕੀਵੀ ਟੀਮ ਨੂੰ ਵਾਪਸੀ ਦਿਵਾਈ। ਪਹਿਲੇ ਸੈਸ਼ਨ ਵਿਚ ਭਾਰਤੀ ਟੀਮ ਸਿਰਫ਼ 65 ਦੌੜਾਂ ਹੀ ਜੋੜ ਸਕੀ।