Thursday, September 19, 2024

National

ਮੌਨਸੂਨ ਪਿਆ ਢਿੱਲਾ, ਬਾਰਸ਼ ਲਈ ਉਡੀਕ ਹੋ ਸਕਦੀ ਹੈ ਲੰਮੀ

June 21, 2021 11:55 AM
SehajTimes

ਨਵੀਂ ਦਿੱਲੀ: ਪੂਰੇ ਦੇਸ਼ ਵਿਚ ਪੈ ਰਹੀ ਅਤਿ ਦੀ ਗ਼ਰਮੀ ਤੋਂ ਫਿ਼ਲਹਾਲ ਰਾਹਤ ਦੂਰ ਦਿਸ ਰਹੀ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਤੇ ਹਰਿਆਣਾ ਤੋਂ ਹਾਲ ਦੀ ਘੜੀ ਮੌਨਸੂਨ ਦੂਰ ਹੈ ਅਤੇ ਇਸੇ ਕਰ ਕੇ ਉੱਤਰੀ ਭਾਰਤ ਵਿੱਚ ਬਾਰਸ਼ ਲਈ ਉਡੀਕ ਲੰਮੀ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਦੱਖਣੀ-ਪੱਛਮੀ ਮੌਨਸੂਨ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ 'ਚ ਹਾਲਾਤ ਠੀਕ ਨਹੀਂ ਹਨ। ਮੌਸਮ ਵਿਭਾਗ ਮੁਤਾਬਕ ਉਪਰੋਕਤ ਥਾਵਾਂ ਉਤੇ ਮੌਨਸੂਨ ਦੀ ਰਫ਼ਤਾਰ ਢਿੱਲੀ ਰਹਿ ਸਕਦੀ ਹੈ ਕਿਉਂਕਿ ਇਸ ਦੇ ਅੱਗੇ ਵਧਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਹਨ। ਨਿਜੀ ਕੰਪਨੀ ਸਕਾਈਮੈੱਟ ਦੇ ਮਹੇਸ਼ ਪਲਾਵਤ ਨੇ ਕਿਹਾ ਕਿ ਦਿੱਲੀ 'ਚ ਮੌਨਸੂਨ ਦੀ ਵਰਖਾ 27 ਜੂਨ ਦੇ ਨੇੜੇ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਉਂਜ ਮੌਸਮ ਵਿਭਾਗ ਨੇ ਕਿਹਾ ਕਿ ਯੂਪੀ ਤੇ ਬਿਹਾਰ 'ਚ ਅਗਲੇ 24 ਘੰਟਿਆਂ ਦੌਰਾਨ ਘੱਟ ਦਬਾਅ ਦਾ ਖੇਤਰ ਬਣਨ ਕਰਕੇ ਮੋਹਲੇਧਾਰ ਮੀਂਹ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਖ਼ਿੱਤੇ 'ਚ ਇਸ ਸਮੇਂ ਦੌਰਾਨ ਅਸਮਾਨੀਂ ਬਿਜਲੀ ਡਿੱਗਣ ਤੇ ਤੂਫ਼ਾਨ ਆਉਣ ਦੀ ਵੀ ਸੰਭਾਵਨਾ ਹੈ ਜਿਸ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ। ਮੌਸਮ ਵਿਭਾਗ ਨੇ ਲੋਕਾਂ ਅਤੇ ਜਾਨਵਰਾਂ ਨੂੰ ਖੁੱਲ੍ਹੀਆਂ ਥਾਵਾਂ 'ਤੇ ਜਾਣ ਤੋਂ ਬਚਣ ਲਈ ਕਿਹਾ ਹੈ। ਪੱਛਮੀ ਗੜਬੜੀ ਕਾਰਨ ਸੋਮਵਾਰ ਨੂੰ ਉੱਤਰਾਖੰਡ 'ਚ ਕੁਝ ਥਾਵਾਂ 'ਤੇ ਮੋਹਲੇਧਾਰ ਮੀਂਹ ਪੈ ਸਕਦਾ ਹੈ। ਇਥੇ ਦਸ ਦਈਏ ਕਿ ਉਤਰਾਖੰਡ ਵਿਚ ਇਕ ਦਿਨ ਪਹਿਲਾਂ ਬਾਰਸ਼ ਕਾਰਨ ਹੜ ਵਰਗੀ ਸਥਿਤੀ ਬਣ ਚੁੱਕੀ ਸੀ।

Have something to say? Post your comment