ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾ ਰਹੀ ICC ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਮੀਂਹ ਰੁਕਾਵਟ ਬਣ ਸਕਦਾ ਹੈ। ਦੋ ਦਿਨਾਂ ਦੀ ਖੇਡ 'ਚ ਪਹਿਲੇ ਦਿਨ ਇਕ ਵੀ ਗੇਂਦ ਨਹੀਂ ਪਾਈ ਜਾ ਸਕੀ, ਜਦਕਿ ਚੌਥੇ ਦਿਨ ਵੀ ਮੀਂਹ ਪੈਣ ਕਾਰਨ ਖਿਡਾਰੀ ਮੈਦਾਨ 'ਚ ਨਹੀਂ ਉਤਰ ਸਕੇ। ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਆਈਸੀਸੀ ਨੂੰ ਨਿਰਧਾਰਤ ਕਰਨਾ ਚਾਹੀਦਾ ਹੈ ਕਿ ਡਬਲਯੂਟੀਸੀ ਦਾ ਖਿਤਾਬ ਕਿਸੇ ਇਕ ਟੀਮ ਨੂੰ ਮਿਲੇ। ਸਾਬਕਾ ਭਾਰਤੀ ਕਪਤਾਨ ਨੇ ਕਿਹਾ ਕਿ ਆਈਸੀਸੀ ਨੂੰ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੇ ਜੇਤੂ ਦਾ ਫੈਸਲਾ ਲੈਣ ਲਈ ਇਕ ਫਾਰਮੂਲਾ ਲੈ ਕੇ ਆਉਣਾ ਚਾਹੀਦਾ ਸੀ। ਗਾਵਸਕਰ ਨੇ ਕਿਹਾ ਕਿ ਜੇ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਡਰਾਅ ਰਿਹਾ ਤਾਂ ਜੇਤੂ ਚੁਣਨ ਲਈ ਕੋਈ ਫਾਰਮੂਲਾ ਜ਼ਰੂਰ ਹੋਣਾ ਚਾਹੀਦਾ ਹੈ। ਆਈਸੀਸੀ ਕ੍ਰਿਕਟ ਕਮੇਟੀ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਅਤੇ ਫਿਰ ਇਸ ਬਾਰੇ ਕੁਝ ਫੈਸਲਾ ਲੈਣਾ ਚਾਹੀਦਾ ਹੈ। ਸਾਊਥੈਮਪਟਨ ਵਿਚ ਖੇਡੇ ਜਾ ਰਹੇ ਮੈਚ ਵਿਚ 4 ਦਿਨਾਂ ਵਿਚ ਸਿਰਫ਼ 141.1 ਓਵਰ ਖੇਡੇ ਗਏ ਹਨ। ਆਈਸੀਸੀ ਨੇ ਮੈਚ ਲਈ ਇਕ ਦਿਨ ਰਾਖਵਾਂ ਰੱਖ ਲਿਆ ਹੈ ਅਤੇ ਅਜਿਹੀ ਸਥਿਤੀ ਵਿਚ ਮੈਚ ਦਾ ਫੈਸਲਾ ਪੰਜਵੇਂ ਅਤੇ ਛੇਵੇਂ ਦਿਨ ਦੇ ਮੈਚ ਵਿਚ ਕਰਨਾ ਪਏਗਾ। ਖੇਡਣ ਲਈ 308.5 ਓਵਰ ਬਾਕੀ ਹਨ ਜੋ ਅਗਲੇ ਦੋ ਦਿਨਾਂ ਵਿਚ ਪੂਰੇ ਹੋਣੇ ਮੁਸ਼ਕਲ ਹਨ।