ਨਵੀਂ ਦਿੱਲੀ : ਅੱਜ ਵੀ ਦੁਨੀਆ ਦੇ ਮਹਾਨ ਕਪਤਾਨਾਂ ਦੀ ਲਿਸਟ ’ਚ ਵਿਰਾਟ ਕੋਹਲੀ ਸ਼ਾਮਲ ਹਨ, ਬੇਸ਼ੱਕ ਭਾਰਤੀ ਟੀਮ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਹਾਰ ਹੋ ਗਈ ਹੋਵੇ। ਪਰ ਇਹ ਵੀ ਸੱਚ ਹੈ ਕਿ ਵਿਰਾਟ ਵੱਡੇ ਖਿਤਾਬਾਂ ਤੋਂ ਅਜੇ ਦੂਰ ਹੈ। ਕਪਤਾਨ ਦੇ ਤੌਰ ’ਤੇ ਵਿਰਾਟ ਕੋਹਲੀ ਲਈ ਅਗਲੇ 6 ਮਹੀਨੇ ਪ੍ਰੀਖਿਆ ਦੇ ਤੌਰ ’ਤੇ ਲੰਘਣਗੇ, ਕਿਉਂਕਿ ਉਨ੍ਹਾਂ ਨੂੰ ਖੁਦ ਨੂੰ ਸਰਬਉੱਤਮ ਕਪਤਾਨ ਦੇ ਤੌਰ ’ਤੇ ਸਿੱਧ ਕਰਨ ਲਈ ਕੁਝ ਟੂਰਨਾਮੈਂਟ ਤੇ ਸੀਰੀਜ਼ ਜਿਤਣੀਆਂ ਪੈਣਗੀਆਂ। ਦਰਅਸਲ, ਬਤੌਰ ਕਪਤਾਨ ਵਿਰਾਟ ਕੋਹਲੀ ਲਈ ਅਗਸਤ ਤੋਂ ਦਸੰਬਰ ਤਕ ਦਾ ਸਮਾਂ ਕਾਫੀ ਅਹਿਮ ਹੋਣ ਵਾਲਾ ਹੈ, ਜਿਸ ’ਚ ਵਿਰਾਟ ਕੋਹਲੀ ਨੂੰ ਦੋ ਟੈਸਟ ਸੀਰੀਜ਼ ਇਕ ਆਈਪੀਐੱਲ ਤੇ ਇਕ ਟੀ 20 ਵਿਸ਼ਵ ਕੱਪ ਖੇਡਣਾ ਹੈ। ਇਹੀ ਵਜ੍ਹਾ ਹੈ ਕਿ ਵਿਰਾਟ ਲਈ ਆਉਣ ਵਾਲਾ ਸਮਾਂ ਪ੍ਰੀਖਿਆ ਵਾਲਾ ਹੈ। ਇਹ ਇਸ ਲਈ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਕਿਸੇ ਵੀ ਖਿਡਾਰੀ ਨੂੰ ਆਪਣੇ ਆਪ ਨੂੰ ਸਾਬਤ ਕਰਨ ਲਈ ਲਗਾਤਾਰ ਮੁਸ਼ੱਕਤ ਕਰਨੀ ਹੀ ਪੈਂਦੀ ਹੈ। ਵਿਰਾਟ ਕੋਹਲੀ ਨੂੰ ਵੀ ਇਹੀ ਕਰਨਾ ਪਵੇਗਾ, ਸਮੇ ਦੀ ਵੀ ਇਹੀ ਮੰਗ ਹੈ।