ਰਾਤ ਵੇਲੇ ਟਰੈਫਿਕ ਪ੍ਰਬੰਧ ਸੁਚਾਰੂ ਰੂਪ ਵਿੱਚ ਚਲਾਉਣ ਸਬੰਧੀ ਹੋਣਗੇ ਸਹਾਈ
ਐਸ.ਪੀ. (ਟਰੈਫਿਕ) ਗੁਰਜੋਤ ਸਿੰਘ ਕਲੇਰ ਵੱਲੋਂ ਲਾਇਨਜ਼ ਕਲੱਬ ਦਾ ਧੰਨਵਾਦ
ਐਸ. ਏ.ਐਸ. ਨਗਰ : ਜ਼ਿਲ੍ਹੇ ਵਿੱਚ ਟਰੈਫਿਕ ਪ੍ਰਬੰਧ ਨੂੰ ਹੋਰ ਸੁਚਾਰੂ ਰੂਪ ਵਿੱਚ ਚਲਾਉਣ ਦੇ ਮੱਦੇਨਜ਼ਰ ਲਾਇਨਜ਼ ਕਲੱਬ ਵੱਲੋਂ ਜ਼ਿਲ੍ਹਾ ਟਰੈਫਿਕ ਪੁਲੀਸ ਨੂੰ ਅਤਿ ਆਧੁਨਿਕ ਰਾਤ ਨੂੰ ਜਗਣ ਵਾਲੇ ਬੈਟਨਜ਼ ਦਿੱਤੇ ਗਏ ਹਨ, ਜੋ ਖਾਸ ਤੌਰ ਉਤੇ ਰਾਤ ਨੂੰ ਟਰੈਫਿਕ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸਹਾਈ ਸਿੱਧ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਪੀ. (ਟਰੈਫਿਕ) ਗੁਰਜੋਤ ਸਿੰਘ ਕਲੇਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਲਾਇਨਜ਼ ਕਲੱਬ ਵੱਲੋਂ ਉਪਰੋਕਤ ਬੈਟਨ ਸੌਂਪੇ ਜਾਣ ਮੌਕੇ ਕੀਤਾ।
ਇਸ ਮੌਕੇ ਮਿਊਂਸਪਲ ਕਾਰਪੋਰੇਸ਼ਨ, ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਉੇਚੇਚੇ ਤੌਰ ਉਤੇ ਹਾਜ਼ਰ ਸਨ। ਐਸ.ਪੀ. ਗੁਰਜੋਤ ਸਿੰਘ ਕਲੇਰ ਨੇ ਦੱਸਿਆ ਕਿ ਕਈ ਵਾਰ ਰਾਤ ਨੂੰ ਜਾਮ ਆਦਿ ਲੱਗਣ ਉਤੇ ਟਰੈਫਿਕ ਨੂੰ ਡਾਇਵਰਟ ਕਰਨ ਵੇਲੇ ਆਮ ਬੈਟਨਜ਼ ਦੀ ਵਰਤੋਂ ਨਾਲ ਕਈ ਕਿਸਤ ਦੀਆਂ ਦਿੱਕਤਾਂ ਆਉਂਦੀਆਂ ਸਨ ਪਰ ਇਨ੍ਹਾਂ ਬੈਟਨਜ਼ ਵਿੱਚ ਵਿਸ਼ੇਸ਼ ਲਾਈਟਾਂ ਲੱਗੀਆਂ ਹੋਈਆਂ ਹਨ ਤੇ ਇਹ ਬੈਟਨਜ਼ ਦੂਰੋਂ ਚਮਕਦੇ ਹਨ, ਜਿਸ ਨਾਲ ਜਿੱਥੇ ਟਰੈਫਿਕ ਨੂੰ ਸੁਚਾਰੂ ਰੂਪ ਵਿੱਚ ਚਲਾਉਣਾ ਸੌਖਾ ਹੋ ਜਾਂਦਾ ਹੈ, ਉਥੇ ਸੜਕ ਹਾਦਸਿਆਂ ਦਾ ਖ਼ਦਸ਼ਾ ਵੀ ਬਹੁਤ ਘੱਟ ਹੋ ਜਾਂਦਾ ਹੈ।
ਉਨ੍ਹਾਂ ਨੇ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕਲੱਬ ਵੱਲੋਂ ਸਮੇਂ ਸਮੇਂ ਉਤੇ ਲੋਕਾਂ ਦੀ ਬਿਹਤਰੀ ਸਬੰਧੀ ਕਾਰਜਾਂ ਵਿੱਚ ਯੋਗਦਾਨ ਪਾਇਆ ਜਾਂਦਾ ਹੈ ਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਨੂੰ ਵੀ ਇਸ ਕਲੱਬ ਤੋਂ ਪ੍ਰੇਰਨਾ ਲੈ ਕੇ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਐਸ।ਪੀ. ਨੇ ਦੱਸਿਆ ਕਿ ਟਰੈਫਿਕ ਪੁਲੀਸ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੋਰਟ ਕੰਪਲੈਕਸ ਸੈਕਟਰ 76, ਆਰ.ਟੀ.ਏ ਵਿਭਾਗ ਵਿਖੇ ਚਲਾਣ ਕਢਵਾਉਣ ਆਉਂਦੇ ਲੋਕਾਂ ਅਤੇ ਵੱਖ ਵੱਖ ਜੀਪ ਯੂਨੀਅਨਾਂ ਅਤੇ ਆਟੋ ਯੂਨੀਅਨਾਂ ਵਿਖੇ ਜਾ ਕੇ ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਆਪਣੇ ਵਾਹਨ ਸੜਕ ਤੇ ਖੜੇ ਕਰਨ ਦੀ ਬਜਾਏ ਵਾਹਨਾਂ ਦੀ ਸਹੀ ਪਾਰਕਿੰਗ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ ਤਾਂ ਜੋ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ।
ਇਸ ਦੇ ਨਾਲ ਨਾਲ ਵਾਹਨਾਂ ਤੇ ਰਿਫਲੈਕਟਿੰਗ ਟੇਪ ਵੀ ਲਗਾਈ ਜਾਂਦੀ ਹੈ ਤੇ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਦੀ ਉਲੰਘਣਾ ਸਬੰਧੀ ਵੱਧ ਰਹੇ ਜੁਰਮਾਨਿਆਂ ਬਾਰੇ, ਪਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ, ਅੰਡਰ ਏਜ ਬੱਚਿਆਂ ਵੱਲੋਂ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਖੱਬੇ ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਕਰਨ ਬਾਰੇ ਅਤੇ ਵਾਹਨਾਂ ਦੇ ਸਾਰੇ ਕਾਗਜ਼ਾਤ ਪੂਰੇ ਰੱਖਣ ਬਾਰੇ ਵੀ ਲਗਾਤਾਰ ਜਾਗਰੂਕ ਕੀਤਾ ਜਾਂਦਾ ਹੈ।ਇਸ ਦੇ ਨਾਲ ਨਾਲ ਲੋਕਾਂ ਨੂੰ ਕਰੋਨਾ ਤੋਂ ਬਚਾਅ ਬਾਰੇ ਵੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਲਾਇਨਜ਼ ਕਲੱਬ ਦੇ ਮੈਂਬਰ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।