ਐਮ.ਪੀ ਤਿਵਾੜੀ ਵੱਲੋਂ ਸੁਸਾਇਟੀ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਦਾ ਭਰੋਸਾ
ਮੁਹਾਲੀ : ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ, ਸੈਕਟਰ-74, ਮੁਹਾਲੀ ਵੱਲੋਂ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਜਿਨ੍ਹਾਂ ਨੇ ਇਸ ਦੌਰਾਨ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਲਾਕਾ ਨਿਵਾਸੀਆਂ ਵੱਲੋਂ ਵਿਕਾਸ ਨੂੰ ਲੈ ਕੇ ਦੱਸੀਆਂ ਗਈਆਂ ਸਮੱਸਿਆਵਾਂ ਤੇ ਐੱਮ.ਪੀ ਤਿਵਾੜੀ ਨੇ ਕਿਹਾ ਕਿ ਇਸ ਸੁਸਾਇਟੀ ਨੂੰ ਵੀ ਸ਼ਹਿਰ ਦੇ ਦੂਸਰੇ ਇਲਾਕਿਆਂ ਵਾਂਗ ਸੁੱਖ ਸੁਵਿਧਾਵਾਂ ਮਿਲਣਗੀਆਂ, ਜਿਸਨੂੰ ਉਹ ਸਥਾਨਕ ਸਰਕਾਰਾਂ ਵਿਭਾਗ ਕੋਲ ਮੁੱਦਾ ਚੁੱਕਣਗੇ। ਇਸ ਮੌਕੇ ਉਨ੍ਹਾਂ ਨੇ ਸੁਸਾਇਟੀ ਵਿੱਚ ਸੋਲਰ ਲਾਈਟਾਂ ਲਗਾਉਣ ਵਾਸਤੇ 5 ਲੱਖ ਰੁਪਏ ਦੀ ਗਰਾਂਟ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਸੁਸਾਇਟੀ ਦੇ ਪ੍ਰਧਾਨ ਐਸ.ਐਸ ਬੇਦੀ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਨੂੰ ਪੀਐੱਸਆਈਈਸੀ ਵੱਲੋਂ ਸਥਾਪਿਤ ਕੀਤਾ ਗਿਆ ਸੀ, ਜਿਸਨੂੰ ਲੈ ਕੇ ਨੀਲਾਮੀ ਵੇਲੇ ਤਾਂ ਬਹੁਤ ਸਾਰੇ ਭਰੋਸੇ ਦਿੱਤੇ ਗਏ ਸਨ, ਪਰ ਹਾਲੇ ਵੀ ਬਹੁਤ ਘਾਟ ਹੈ।
ਜਿਸ ਬਾਰੇ ਐਮ.ਪੀ ਤਿਵਾੜੀ ਨੇ ਕਿਹਾ ਕਿ ਨਗਰ ਨਿਗਮ ਵਲੋਂ ਇਲਾਕੇ ਨੂੰ ਆਪਣੀ ਹੱਦ ਵਿੱਚ ਲਿਆਇਆ ਜਾ ਰਿਹਾ ਹੈ ਤੇ ਜਲਦੀ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਇਸ ਮੀਟਿੰਗ ਦਾ ਆਯੋਜਨ ਦਿਸ਼ਾ ਕਮੇਟੀ ਮੋਹਾਲੀ ਦੇ ਮੈਂਬਰ ਅਮਨ ਸਲੈਚ ਵੱਲੋਂ ਕੀਤਾ ਗਿਆ ਸੀ। ਜਿੱਥੇ ਹੋਰਨਾਂ ਤੋਂ ਇਲਾਵਾ, ਰਵਿੰਦਰ ਪਾਲ ਸਿੰਘ ਪਾਲੀ ਚੇਅਰਮੈਨ ਪੰਜਾਬ ਐਗਰੋ, ਹਰਵਿੰਦਰ ਕੌਰ ਕੌਂਸਲਰ,ਪ੍ਰਮੋਦ ਮਿੱਤਰਾ ਕੌਂਸਲਰ, ਨਵਜੋਤ ਬਚਲ, ਸਾਬਕਾ ਪ੍ਰਧਾਨ ਜੁਗਰਾਜ ਸਿੰਘ, ਜਨਰਲ ਸਕੱਤਰ ਜੇਸੀ ਮਹੇ, ਅਜੇ ਸ਼ਰਮਾ ਵੀ ਸ਼ਾਮਿਲ ਰਹੇ।