ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨ ਪੂਰੀ ਤਰ੍ਹਾਂ ਸੁਰੱਖਿਅਤ: ਡਾ. ਜਸਕਿਰਨਦੀਪ
ਮੋਹਾਲੀ : ਦੇਸ਼ ਵਿੱਚ ਬੇਕਾਬੂ ਆਬਾਦੀ ਨੂੰ ਸਥਿਰ ਕਰਨ ਦੇ ਉਪਰਾਲਿਆਂ ਦੇ ਤੌਰ ਉੱਤੇ 27 ਜੂਨ ਤੋਂ 10 ਜੁਲਾਈ 2021 ਤੱਕ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਆਬਾਦੀ ਜਾਗਰੂਕਤਾ ਪੰਦਰਵਾੜਾ ਮਨਾਇਆ ਗਿਆ। ਇਸੇ ਕੜੀ ਤਹਿਤ ਪੀ.ਐੱਚ.ਸੀ. ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਜਸਕਿਰਨਦੀਪ ਕੌਰ ਨੇ ਅੱਜ ਸਿਹਤ ਵਿਭਾਗ ਦੇ ਫੀਲਡ ਕਾਮਿਆਂ ਸਮੇਤ ਆਮ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨਾਂ ਦੀ ਮਹੱਤਤਾ ਬਾਰੇ ਦੱਸਿਆ। "ਆਫਤ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਸਮਰਥ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ" ਥੀਮ ਤਹਿਤ ਮਨਾਏ ਜਾ ਰਹੇ ਇਸ ਪੰਦਰਵਾੜੇ ਦਾ ਮੁੱਖ ਮਕਸਦ ਆਮ ਲੋਕਾਂ ਖਾਸ ਕਰਕੇ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਗਰਭ ਰੋਕੂ ਸਾਧਨ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।
ਇਸ ਮੌਕੇ ਡਾ ਜਸਕਿਰਨਦੀਪ ਨੇ ਪਰਿਵਾਰ ਨਿਯੋਜਨ ਦੇ ਨਵੇਂ ਸਾਧਨਾਂ ਸਮੇਤ ਸਥਾਈ ਅਤੇ ਅਸਥਾਈ ਸਾਧਨਾਂ ਜਿਵੇਂ ਕਿ ਕੰਡੋਮ, ਓਰਲ ਪਿੱਲਸ, ਕਾਪਰ-ਟੀ, ਪੀ.ਪੀ.ਆਈ.ਯੂ.ਸੀ.ਡੀ, ਛਾਇਆ ਗਰਭ ਨਿਰੋਧਕ ਗੋਲੀ, ਅੰਤਰਾ ਗਰਭ ਨਿਰੋਧਕ ਇੰਜੈਕਸ਼ਨ, ਨਲਬੰਦੀ ਅਤੇ ਨਸਬੰਦੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰ ਨੂੰ ਇਹ ਸਾਧਨ ਜ਼ਰੂਰ ਅਪਣਾਉਣੇ ਚਾਹੀਦੇ ਹਨ। ਡਾ ਜਸਕਿਰਨਦੀਪ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਦੋ ਬੱਚਿਆਂ ਵਿੱਚ ਅੰਤਰ ਰੱਖਣ ਲਈ ਅੰਤਰਾ ਟੀਕਾ ਲਾਇਆ ਜਾਂਦਾ ਹੈ ਜੋ ਕਿ ਜਣੇਪੇ ਤੋਂ ਛੇ ਹਫਤੇ ਬਾਅਦ ਹਰ 3 ਮਹੀਨੇ ਦੇ ਅੰਤਰ 'ਤੇ ਲੱਗਦਾ ਹੈ। ਇਹ ਟੀਕਾ ਸਾਧਾਰਨ ਮਾਹਵਾਰੀ ਦੇ ਪਹਿਲੇ 7 ਦਿਨਾਂ ਦੌਰਾਨ ਲਾਇਆ ਜਾ ਸਕਦਾ ਹੈ ਜੋ ਔਰਤ ਨੂੰ 3 ਮਹੀਨੇ ਤੱਕ ਗਰਭਵਤੀ ਹੋਣ ਤੋਂ ਰੋਕੇਗਾ। ਔਰਤਾਂ ਗਰਭਧਾਰਨ ਤੋਂ ਬਚਣ ਲਈ ਹਰ ਤਿੰਨ ਮਹੀਨੇ ਬਾਅਦ ਇਸਦੀ ਵਰਤੋਂ ਕਰ ਸਕਦੀਆਂ ਹਨ। ਡਾ ਜਸਕਿਰਨਦੀਪ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਰਭਰੋਕੂ ਗੋਲੀ ਛਾਇਆ ਦੀ ਵੀ ਸ਼ੁਰੂਆਤ ਕੀਤੀ ਗਈ ਸੀ, ਜੋ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਵੀ ਬਹੁਤ ਸੁਰੱਖਿਅਤ ਹੈ। ਇਸ ਗੋਲੀ ਦਾ ਮਹਿਲਾਵਾਂ ਦੀ ਸਿਹਤ 'ਤੇ ਕੋਈ ਸਾਈਡ ਇਫੈਕਟ ਨਹੀਂ ਪੈਂਦਾ ਹੈ, ਕਿਉਂਕਿ ਇਹ ਕੋਈ ਹਾਰਮੋਨਲ ਗੋਲੀ ਨਹੀਂ ਹੈ। ਇਹ ਨਵੇਂ ਸਾਧਨ ਵਧੇਰੇ ਪ੍ਰਭਾਵੀ, ਸੁਵਿਧਾਜਨਕ ਅਤੇ ਪਰਖੇ ਹੋਏ ਹਨ। ਉਹਨਾਂ ਸਮੂਹ ਫੀਲਡ ਸਟਾਰ ਨੂੰ ਅਪੀਲ ਕੀਤੀ ਕਿ ਯੋਗ ਜੋੜਿਆਂ ਨੂੰ ਗਰੁੱਪ ਮੀਟਿੰਗਾਂ ਰਾਹੀਂ ਛੋਟਾ ਪਰਿਵਾਰ ਸੁੱਖੀ ਪਰਿਵਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਪਰਿਵਾਰ ਭਲਾਈ ਦੇ ਕੱਚੇ ਤੇ ਪੱਕੇ ਸਾਧਨਾਂ ਨੂੰ ਅਪਣਾਉਣ ਸਬੰਧੀ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਡਾ. ਹਰਮਨ ਮਾਹਲ , ਡਾ. ਅਰੁਣ ਬਾਂਸਲ, ਡਾ ਵਿਕਾਸ, ਡਾ. ਸੁਬਿਨ, ਡਾ. ਸਿਮਨ, ਐਸ. ਆਈ ਗੁਰਤੇਜ ਸਿੰਘ, ਆਸ਼ਾ ਵਰਕਰ ਸਮੇਤ ਹੋਰ ਸਟਾਫ ਹਾਜਰ ਸੀ।