ਰਾਜਪੁਰਾ : ਕੇਂਦਰ ਵੱਲੋਂ ਪਾਸ ਕੀਤੇ ਗਏ 3 ਖੇਤੀ ਸੁਧਾਰ ਕਾਨੂੰਨਾਂ ਦੇ ਚੱਲਦਿਆਂ ਕਿਸਾਨਾਂ ਵੱਲੋਂ ਰੋਸ ਧਰਨੇ ਤੇ ਮੁਜਾਹਰਿਆਂ ਰਾਹੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਵਿਰੋਧ ਦਾ ਨਤੀਜਾ ਅੱਜ ਸਾਹਮਣੇ ਆਇਆ ਜਦੋਂ ਰਾਜਪੁਰਾ ਦੀ ਨਵੀਂ ਅਨਾਜ਼ ਮੰਡੀ ਦੇ ਪਿਛਲੇ ਪਾਸੇ ਭਾਜਪਾ ਆਗੂਆਂ ਵੱਲੋਂ ਕੀਤੀ ਜਾ ਰਹੀ ਮੀਟਿੰਗ ਸਬੰਧੀ ਜਦੋਂ ਕਿਸਾਨ ਆਗੂਆਂ ਨੂੰ ਪਤਾ ਚੱਲਿਆ ਤਾਂ ਦੇਖਦਿਆਂ ਹੀ ਦੇਖਦਿਆਂ ਭਾਜਪਾਈਆਂ ਨੂੰ ਭਾਜੜਾਂ ਪੈ ਗਈਆਂ ਅਤੇ ਹਰ ਪਾਸੇ ਅਫ਼ਰਾ ਤਫ਼ਰੀ ਮੱਚ ਗਈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਭਾਜਪਾ ਆਗੂਆਂ ਨੇ ਭਜ ਕੇ ਆਪਣੀ ਜਾਨ ਬਚਾਈ। ਇਥੇ ਇੱਕ ਭਾਜਪਾ ਕੌਂਸਲਰ ਨਾਲ ਜਦੋਂ ਧੱਕਾ-ਮੁੱਕੀ ਹੋਣ ਲੱਗੀ ਤਾਂ ਉਹ ਬਚਣ ਲਈ ਨੇੜਲੇ ਘਰ ਵਿੱਚ ਵੜ ਗਏ ਜਿਥੋਂ ਪੁਲਿਸ ਪਾਰਟੀ ਨੇ ਬੜੀ ਮੁਸ਼ੱਕਤ ਤੋਂ ਬਾਅਦ ਆਪਣੀ ਗੱਡੀ ’ਚ ਬਿਠਾ ਕੇ ਲੈ ਜਾਣ ’ਚ ਕਾਮਯਾਬ ਹੋ ਗਏ। ਇਸ ਦੌਰਾਨ ਭਾਜਪਾ ਆਗੂ ਦੇ ਗੰਨਮੈਂਨ ਵੱਲੋਂ ਕਿਸਾਨਾਂ ਵੱਲ ਆਪਣੀ ਰਿਵਾਲਵਰ ਕੱਢ ਕੇ ਦਿਖਾਉਣ ਨੂੰ ਲੈ ਕੇ ਵੀ ਸੜਕੀ ਆਵਾਜਾਈ ਠੱਪ ਕਰ ਕੇ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਅੱਜ ਜਦੋਂ ਨਵੀਂ ਅਨਾਜ਼ ਮੰਡੀ ਦੇ ਪਿੱਛਲੇ ਪਾਸੇ ਭਾਰਤ ਵਿਕਾਸ ਪ੍ਰੀਸ਼ਦ ਭਵਨ ਵਿੱਚ ਭਾਜਪਾ ਆਗੂਆਂ ਜਿਸ ’ਚ ਜ਼ਿਲ੍ਹਾ ਪਟਿਆਲਾ ਪ੍ਰਭਾਰੀ ਭੁਪੇਸ਼ ਅਗਰਵਾਲ, ਜ਼ਿਲ੍ਹਾ ਪ੍ਰਧਾਨ ਦਿਹਾਤੀ ਵਿਕਾਸ ਸ਼ਰਮਾ, ਜਿਲ੍ਹਾ ਓਬੀਸੀ ਮੋਰਚਾ ਪ੍ਰਧਾਨ ਜਰਨੈਲ ਸਿੰਘ ਹੈਪੀ, ਕੌਂਸਲਰ ਸ਼ਾਂਤੀ ਸਪਰਾ ਸਮੇਤ ਹੋਰਨਾਂ ਵੱਲੋਂ ਆਉਣ ਵਾਲੀਆਂ ਚੋਣਾਂ ਦੇ ਸਬੰਧ ’ਚ ਮੀਟਿੰਗ ਕੀਤੀ ਜਾ ਰਹੀ ਸੀ ਤਾਂ ਇਸ ਗੱਲ ਦੀ ਭਿਣਕ ਜਦੋਂ ਕਿਸਾਨ ਜਥੇਬੰਦੀਆਂ ਨੂੰ ਲੱਗੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿਧੂਪੁਰ) ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਪ੍ਰੇਮ ਸਿੰਘ ਭੰਗੂ ਸੂਬਾ ਪ੍ਰਧਾਨ ਆਲ ਇੰਡੀਆ ਕਿਸਾਨ ਫੈਡਰੇਸ਼ਨ, ਸੂਬਾਈ ਆਗੂ ਹਰਜੀਤ ਸਿੰਘ ਟਹਿਲਪੁਰਾ, ਇਕਬਾਲ ਸਿੰਘ ਮੰਡੋਲੀ, ਧਰਮਪਾਲ ਸਿੰਘ ਸ਼ੀਲ, ਸਾਹਿਬ ਸਿੰਘ ਆਦਿ ਆਗੂ ਮੀਟਿੰਗ ਬੰਦ ਕਰਨ ਪੁੱਜ ਗਏ। ਇਸ ਮੌਕੇ ਡੀਐੱਸਪੀ ਘਨੋਰ ਜਸਵਿੰਦਰ ਸਿੰਘ ਟਿਵਾਣਾ, ਐੱਸਐੱਚਓ ਖੇੜੀ ਗੰਡਿਆ ਇੰਸੈਪਕਟਰ ਨੇ ਮੌਕੇ ’ਤੇ ਬਹੁਤ ਮੁਸ਼ਕਲ ਨਾਲ ਸਥਿਤੀ ਸ਼ਾਂਤ ਕੀਤੀ।