ਨਵੀਂ ਦਿੱਲੀ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਪ੍ਰਸ਼ਾਂਤ ਅਤੇ ਰਾਹੁਲ ਦੀ ਮੁਲਾਕਾਤ ਦਿੱਲੀ ਵਿਚ ਹੋਈ ਹੈ। ਹਾਲਾਂਕਿ ਮੁਲਾਕਾਤ ਦਾ ਕਾਰਨ ਕੀ ਸੀ, ਇਸ ਬਾਬਤ ਹਾਲੇ ਤਕ ਸਥਿਤੀ ਸਪੱਸਟ ਨਹੀਂ ਹੋ ਸਕੀ ਹੈ। ਇਸ ਮੁਲਾਕਾਤ ਨੂੰ ਨਿਜੀ ਵੀ ਦਸਿਆ ਜਾ ਰਿਹਾ ਹੈ। ਮੁਲਾਕਾਤ ਮਗਰੋਂ ਰਾਜਸੀ ਗਲਿਆਰਿਆਂ ਵਿਚ ਚਰਚਾ ਦਾ ਦੌਰ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਸ਼ਾਂਤ ਨਾਲ ਰਾਹੁਲ ਦੀ ਮੁਲਾਕਾਤ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਬੇਹੱਦ ਅਹਿਮ ਹੈ। ਇਸ ਮੁਲਾਕਾਤ ਦੌਰਾਨ ਪ੍ਰਿਯੰਕਾ ਗਾਂਧੀ ਵੀ ਮੌਜੂਦ ਰਹੀ। ਇਸ ਤੋਂ ਪਹਿਨਾਂ ਪ੍ਰਸ਼ਾਂਤ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਇਕ ਦਿਨ ਪਹਿਲਾਂ ਅੱਠ ਵਿਰੋਧੀ ਪਾਰਟੀਆਂ ਦੇ ਨੇਤਾ ਪਵਾਰ ਦੇ ਘਰ ਇਕੱਠੇ ਹੋਏ ਸਨ ਅਤੇ ਉਨ੍ਹਾਂ ਦੇਸ਼ ਸਾਹਮਣੇ ਮੌਜੂਦ ਕਈ ਮੁੱਦਿਆਂ ’ਤੇ ਚਰਚਾ ਵੀ ਕੀਤੀ ਸੀ। ਕਿਸ਼ੋਰ ਅਤੇ ਪਵਾਰ ਵਿਚਾਲੇ ਕਰੀਬ ਇਕ ਘੰਟੇ ਤਕ ਬੰਦ ਕਮਰਾ ਬੈਠਕ ਹੋਈ ਸੀ। ਇਕ ਪਖਵਾੜੇ ਅੰਦਰ ਹੀ ਇਹ ਤੀਜੀ ਮੁਲਾਕਾਤ ਸੀ। ਪਛਮੀ ਬੰਗਾਲ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਸ਼ੋਰ ਨੇ 11 ਜੂਨ ਨੂੰ ਮੁੰਬਈ ਵਿਚ ਪਵਾਰ ਦੇ ਘਰ ਦੁਪਹਿਰ ਦੇ ਖਾਣੇ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।