ਸਾਮਾਨ ਦਾ ਭਰਿਆ ਟਰੱਕ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਇਆ
ਰਾਜਪੁਰਾ : ਪੰਜਾਬ ਦੇ ਰਾਜਪੁਰਾ ਵਿਚ ਇਕ ਦਿੱਲ ਕੰਬਾਉ ਘਟਨਾ ਦੀ ਸੂਚਨਾ ਮਿਲੀ ਹੈ ਜਿਸ ਵਿਚ ਇਕ ਡਰਾਈਵਰ ਦੀ ਮੌਤ ਹੋ ਗਈ ਤੇ ਦੂਜਾ ਮਸਾਂ ਜਾਨ ਬਚਾ ਕੇ ਭੱਜਿਆ। ਤਾਜਾ ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਵਿਖੇ ਜੀ. ਟੀ. ਰੋਡ ’ਤੇ ਰਾਧਾ ਸਵਾਮੀ ਸਤਿਸੰਗ ਭਵਨ ਨਜ਼ਦੀਕ ਇਕ ਡਰਾਈਵਰ ਆਪਣੇ ਟਰੱਕ ਨੂੰ ਸਾਈਡ ਉਤੇ ਖੜ੍ਹਾ ਕਰ ਰਿਹਾ ਸੀ ਜਿਸ ਦੌਰਾਨ ਉਹ ਉਪਰ ਲੱਗੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਿਆ ਅਤੇ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਤਾਰਾਂ ਦੀ ਲਪੇਟ ਵਿਚ ਆਉਣ ਮਗਰੋਂ ਟਰੱਕ ਨੂੰ ਅੱਗ ਲੱਗ ਗਈ ਅਤੇ ਟਰੱਕ 'ਚ ਕਰੰਟ ਆਉਣ ਕਾਰਨ ਇਸ 'ਚ ਸਵਾਰ ਡਰਾਈਵਰ ਦੀ ਮੌਤ ਹੋ ਗਈ। ਇਸ ਘਟਨਾ ਦੌਰਾਨ ਟਰੱਕ ’ਚ ਸਵਾਰ ਦੂਜੇ ਡਰਾਈਵਰ ਨੇ ਬਾਹਰ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦਾ ਵਾਲ-ਵਾਲ ਬਚਾਅ ਹੋ ਗਿਆ। ਟਰੱਕ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਮੁਸ਼ਕਿਲ ਨਾਲ ਟਰੱਕ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ ਪਰ ਇਸ ’ਚ ਲੱਦਿਆ ਸਮਾਨ ਸੜ ਕੇ ਸੁਆਹ ਹੋ ਗਿਆ। ਥਾਣਾ ਸਿਟੀ ਦੇ ਏ. ਐੱਸ. ਆਈ. ਸੁਰਜੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਧਰਮਿੰਦਰ ਅਤੇ ਰਾਕੇਸ਼ ਵਾਸੀ ਗਵਾਲੀਅਰ 2 ਡਰਾਈਵਰ ਇਸ ਟਰੱਕ ’ਚ ਸਾਈਕਲ ਸਪੇਅਰ ਪਾਰਟਸ ਲੱਦ ਕੇ ਬੀਤੀ ਦੇਰ ਸ਼ਾਮ ਕਰੀਬ ਸਾਢੇ 6 ਵਜੇ ਰਾਧਾ ਸਵਾਮੀ ਸਤਿਸੰਗ ਭਵਨ ਦੇ ਸਾਹਮਣੇ ਬਣ ਰਹੇ ਨਵੇਂ ਪਟਰੋਲ ਪੰਪ ਨਜ਼ਦੀਕ ਪਹੁੰਚੇ। ਅੱਗੇ ਜਾਮ ਲੱਗਾ ਹੋਣ ਕਾਰਨ ਉਹ ਆਪਣਾ ਟਰੱਕ ਸਾਈਡ ’ਤੇ ਲਗਾਉਣ ਲੱਗੇ ਤਾਂ ਟਰੱਕ ’ਚ ਉੱਪਰ ਤੱਕ ਸਮਾਨ ਲੱਦਿਆ ਹੋਣ ਨਾਲ ਇਹ ਉੱਪਰੋਂ ਜਾ ਰਹੀਆਂ ਬਿਜਲੀ ਦੀਆਂ ਤਾਰਾਂ ਟਕਰਾ ਗਿਆ ਅਤੇ ਟਰੱਕ ਨੂੰ ਅੱਗ ਲੱਗ ਗਈ। ਡਰਾਈਵਰ ਰਾਕੇਸ਼ ਤਾਂ ਕਿਸੇ ਤਰ੍ਹਾਂ ਟਰੱਕ ਤੋਂ ਛਾਲ ਮਾਰ ਕੇ ਬੱਚ ਗਿਆ ਪਰ ਧਰਮਿੰਦਰ ਨਾਂ ਦਾ ਡਰਾਈਵਰ ਜਦੋਂ ਟਰੱਕ ਤੋਂ ਉੱਤਰਨ ਲੱਗਾ ਤਾਂ ਬਿਜਲੀ ਦੀਆਂ ਤਾਰਾਂ ਦੇ ਕਰੰਟ ਨਾਲ ਉਹ ਝੁਲਸ ਗਿਆ। ਰਾਜਪੁਰਾ ਸਿਵਲ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।