ਭਾਰਤ ਨਾਲ ਹੋਵੇਗਾ ਪਾਕਿਸਤਾਨ ਦਾ ਮੁਕਾਬਲਾ
ਨਵੀਂ ਦਿੱਲੀ : ICC ਨੇ 17 ਅਕਤੂਬਰ ਤੋਂ 14 ਨਵੰਬਰ ਤਕ ਯੂਏਈ)ਤੇ ਓਮਾਨ ਵਿਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਲਈ ਪੂਲ ਐਲਾਨ ਦਿੱਤੇ ਹਨ ਜਿਸ ਤਹਿਤ ਵਨ ਡੇ ਵਿਸ਼ਵ ਕੱਪ 2019 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਰਾਊਂਡ-1 ਵਿਚ ਅੱਠ ਟੀਮਾਂ ਹੋਣਗੀਆਂ ਜਿਨ੍ਹਾਂ ਵਿਚ ਸ੍ਰੀਲੰਕਾ ਤੇ ਬੰਗਲਾਦੇਸ਼ ਨੇ ਆਪਣੇ ਆਪ ਕੁਆਲੀਫਾਈ ਕੀਤਾ ਹੈ ਜਦਕਿ ਛੇ ਹੋਰ ਟੀਮਾਂ ਨੇ ਆਈਸੀਸੀ ਮਰਦ ਟੀ-20 ਵਿਸ਼ਵ ਕੱਪ ਕੁਆਲੀਫਾਇਰ 2019 ਰਾਹੀਂ ਆਪਣੇ ਸਥਾਨ ਪੱਕੇ ਕੀਤੇ ਹਨ। ਇਨ੍ਹਾਂ ਅੱਠ ਟੀਮਾਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ ਹੈ ਜਿਸ ਵਿਚ ਗਰੁੱਪ-ਏ ਤੇ ਗਰੁੱਪ-ਬੀ ਸ਼ਾਮਲ ਹਨ। ਟੀ-20 ਵਿਸ਼ਵ ਕੱਪ ਦੇ ਗਰੁੱਪ ਮੁਕਾਬਲੇ ਦੋ ਗੇਡ਼ ਵਿਚ ਖੇਡੇ ਜਾਣਗੇ ਜਿਨ੍ਹਾਂ ਨੂੰ ਰਾਊਂਡ-1 ਤੇ ਸੁਪਰ-12 ਦੇ ਨਾਂ ਦਿੱਤੇ ਗਏ ਹਨ। ਗਰੁੱਪ-ਏ ਵਿਚ ਸ੍ਰੀਲੰਕਾ ਨਾਲ ਆਇਰਲੈਂਡ, ਨੀਦਰਲੈਂਡ ਤੇ ਨਾਮੀਬੀਆ ਹਨ, ਗਰੁੱਪ -ਬੀ ਵਿਚ ਬੰਗਲਾਦੇਸ਼ ਨਾਲ ਓਮਾਨ, ਪਪੂਆ ਨਿਊ ਗਿਨੀ (ਪੀਐੱਨਜੀ) ਤੇ ਸਕਾਟਲੈਂਡ ਦੀਆਂ ਟੀਮਾਂ ਹਨ। ਇਨ੍ਹਾਂ ਦੋਵਾਂ ਗਰੁੱਪਾਂ ਵਿਚੋਂ ਦੋ-ਦੋ ਸਿਖਰਲੀਆਂ ਟੀਮਾਂ ਸੁਪਰ-12 ਵਿਚ ਪ੍ਰਵੇਸ਼ ਕਰਨਗੀਆਂ। ਸੁਪਰ-12 ਵਿਚ ਦੋ ਗਰੁੱਪ ਹੋਣਗੇ ਜਿਨ੍ਹਾਂ ਨੂੰ ਗਰੁੱਪ-1 ਤੇ ਗਰੁੱਪ-2 ਨਾਂ ਦਿੱਤੇ ਗਏ ਹਨ। ਦੋਵਾਂ ਗਰੁੱਪਾਂ ਵਿਚ ਛੇ-ਛੇ ਟੀਮਾਂ ਸ਼ਾਮਲ ਹੋਣਗੀਆਂ। ਗਰੁੱਪ-1 ਵਿਚ ਪਿਛਲੀ ਵਾਰ ਦੀ ਜੇਤੂ ਵੈਸਟਇੰਡੀਜ਼, 2010 ਦੀ ਚੈਂਪੀਅਨ ਇੰਗਲੈਂਡ, ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਹਨ ਜਦਕਿ ਰਾਊਂਡ-1 ਵਿਚੋਂ ਦੋ ਟੀਮਾਂ ਇਸ ਗਰੁੱਪ ਵਿਚ ਜੁਡ਼ਨਗੀਆਂ। ਗਰੁੱਪ-2 ਵਿਚ ਭਾਰਤ ਤੇ ਪਾਕਿਸਤਾਨ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਜੇਤੂ ਨਿਊਜ਼ੀਲੈਂਡ ਤੇ ਅਫ਼ਗਾਨਿਸਤਾਨ ਨਾਲ ਰੱਖਿਆ ਗਿਆ ਹੈ। ਇਨ੍ਹਾਂ ਚਾਰ ਟੀਮਾਂ ਤੋਂ ਇਲਾਵਾ ਰਾਊਂਡ-1 ਤੋਂ ਦੋ ਟੀਮਾਂ ਇਸ ਗਰੁੱਪ ਨਾਲ ਜੁਡ਼ਨਗੀਆਂ। ਆਈਸੀਸੀ ਮੁਤਾਬਕ ਸੁਪਰ-12 ਦੇ ਗਰੁੱਪ ਨੂੰ 20 ਮਾਰਚ 2021 ਤਕ ਦੀ ਟੀਮ ਰੈਂਕਿੰਗ ਦੇ ਆਧਾਰ ’ਤੇ ਚੁਣਿਆ ਗਿਆ ਹੈ।