ਨਵੀਂ ਦਿੱਲੀ: ਅਸਮ-ਮਿਜ਼ੋਰਮ ਸਰਹੱਦੀ ਵਿਵਾਦ ਕਾਰਨ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਹਾਲਾਤ ਨੂੰ ਸੰਭਾਲਣ ਲਈ ਸੀਆਰਪੀਐਫ਼ ਦੀਆਂ 4 ਵਾਧੂ ਕੰਪਨੀਆਂ ਨੂੰ ਉਥੇ ਭੇਜਿਆ ਗਿਆ ਹੈ। ਤਣਾਅਗ੍ਰਸਤ ਇਲਾਕੇ ਵਿਚ ਸੀਆਰਪੀਐਫ਼ ਦੀਆਂ ਦੋ ਕੰਪਨੀਆਂ ਪਹਿਲਾਂ ਹੀ ਤੈਨਾਤ ਹਨ। ਸੀਆਰਪੀਐਫ਼ ਦੇ ਡੀਜੀ ਕੁਲਦੀਪ ਸਿੰਘ ਨੇ ਦਸਿਆ ਕਿ ਬੀਤੇ ਦਿਨ ਅਸਮ-ਮਿਜ਼ੋਰਮ ਸਰਹੱਦ ’ਤੇ ਤਣਾਅ ਵਧ ਗਿਆ ਸੀ। ਲੈਲਾਪੁਰ ਪਿੰਡ ਲਾਗੇ ਮਿਜ਼ੋਰਮ ਪੁਲਿਸ ਅਤੇ ਅਸਮ ਪੁਲਿਸ ਵਿਵਾਦਤ ਸਰਹੱਦੀ ਖੇਤਰ ਵਿਚ ਆਪੋ ਅਪਣੇ ਖੇਤਰ ਦੇ ਕਬਜ਼ੇ ਨੂੰ ਨਾਜਾਇਜ਼ ਦੱਸ ਕੇ ਆਪਸ ਵਿਚ ਭਿੜ ਗਏ। ਤਣਾਅ ਉਸ ਵੇਲ ਸਿਖਰ ’ਤੇ ਪਹੁੰਚ ਗਿਆ ਜਦ ਦੋਹਾਂ ਪੁਲਿਸ ਬਲਾਂ ਨੇ ਇਕ ਦੂਜੇ ’ਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਉਨ੍ਹਾਂ ਦਸਿਆ ਕਿ ਸੀਆਰਪੀਐਫ਼ ਦੇ ਦਖ਼ਲ ਮਗਰੋਂ ਹਿੰਸਾ ਨੂੰ ਕੰਟਰੋਲ ਕੀਤਾ ਗਿਆ ਹੈ। ਇਸ ਘਟਨਾ ਵਿਚ ਅਸਮ ਪੁਲਿਸ ਦੇ 5 ਮੁਲਾਜ਼ਮਾਂ ਦੀ ਮੌਤ ਹੋਈ ਹੈ ਅਤੇ ਕਛਾਰ ਦੇ ਪੁਲਿਸ ਅਧਿਕਾਰੀ ਸਮੇਤ 50 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਉਨ੍ਹਾਂ ਦਸਿਆ ਕਿ ਅਸਮ ਪੁਲਿਸ ਵਿਵਾਦਤ ਖੇਤਰ ਤੋਂ ਪਿੱਛੇ ਹਟ ਗਈ ਹੈ ਪਰ ਮਿਜ਼ੋਰਮ ਪੁਲਿਸ ਹਾਲੇ ਨਜ਼ਦੀਕੀ ਉਚਾਈਆਂ ਅਤੇ ਅਪਣੀ ਅਸਥਾਈ ਚੌਕੀ ’ਤੇ ਕਬਜ਼ਾ ਕਰੀ ਬੈਠੀ ਹੈ। ਉਨ੍ਹਾਂ ਦਸਿਆ ਕਿ ਸੀਆਰਪੀਐਫ਼ ਦੀਆਂ 4 ਕੰਪਨੀਆਂ ਨੂੰ ਵਿਵਾਦਤ ਖੇਤਰ ’ਤੇ ਨਿਰਪੱਖ ਬਲ ਵਜੋਂ ਕੰਟਰੋਲ ਕਰਨ ਲਈ ਰਵਾਨਾ ਕੀਤਾ ਗਿਆ ਹੈ। 2 ਕੰਪਨੀਆਂ ਪਹਿਲਾਂ ਹੀ ਮੌਜੂਦ ਹਨ। ਜ਼ਿਕਰਯੋਗ ਹੈ ਕਿ ਹਿੰਸਾ ਬਾਅਦ ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਵਿਚਾਲੇ ਟਵਿਟਰ ਜੰਗ ਸ਼ੁਰੂ ਹੋ ਗਈ ਸੀ। ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵ ਸਰਮਾ ਨੇ ਕਿਹਾ ਕਿ ਉਨ੍ਹਾਂ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਾਮਥਾਂਗਾ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਦੀ ਪੁਲਿਸ ਸ਼ਾਂਤੀ ਕਾਇਮ ਰੱਖੇਗੀ।