22 ਤੇ 23 ਅਗਸਤ 2022 ਨੂੰ ਕਰਵਾਈ ਜਾ ਰਹੀ ਹੈ ਇਹ ਵਰਕਸ਼ਾਪ*
ਪੰਜਾਬ ਦੇ ਮੁੱਖ ਮੰਤਰੀ ਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਉਚੇਚੇ ਤੌਰ ਉਤੇ ਹੋਣਗੇ ਇਸ ਵਰਕਸ਼ਾਪ ਵਿੱਚ ਸ਼ਾਮਲ
ਐਸਏਐਸ ਨਗਰ : ਕੇਂਦਰੀ ਪੰਚਾਇਤੀ ਰਾਜ ਮੰਤਰਾਲੇ ਵੱਲੋ ਸਥਾਈ ਵਿਕਾਸ ਦੇ ਟੀਚਿਆਂ ਦੇ ਸਥਾਨੀਕਰਨ ਦੇ ਸਬੰਧੀ ਵੱਖ-ਵੱਖ ਸੂਬਿਆਂ ਨੂੰ ਦਿੱਤੇ 9 ਥੀਮਜ਼ ’ਤੇ ਕਰਵਾਈਆਂ ਜਾਣ ਵਾਲੀਆਂ ਕੌਮੀ ਵਰਕਸ਼ਾਪਾਂ ਵਿੱਚੋਂ ,ਪੰਜਾਬ ਸੂਬੇ ਵਿਚ ਪਹਿਲੀ ਵਰਕਸ਼ਾਪ 22 ਤੇ 23 ਅਗਸਤ 2022 ਨੂੰ ਕਰਵਾਈ ਜਾ ਰਹੀ ਹੈ। ਇਸ ਵਰਕਸ਼ਾਪ ਦਾ ਵਿਸ਼ਾ ‘ਸਵੈ -ਪੂਰਨ ਬੁਨਿਆਦੀ ਢਾਂਚਾ ਪਿੰਡ ’ ਹੋਵੇਗਾ ਜਿਸ ਦਾ ਭਾਵ ਪਿੰਡਾਂ ਦੇ ਵਸਨੀਕਾਂ ਲੋੜੀਂਦੇ ਸਹੂਲਤਾਂ ਆਪਣੇ ਹੀ ਪਿੰਡ ਵਿੱਚ ਹਾਸਲ ਕਰ ਸਕਣ।
ਇਸ ਵਰਕਸ਼ਾਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸੰਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਤੀ ਕਮਿਸ਼ਨਰ ਸ੍ਰੀ. ਕੇ ਸਿਵਾ ਪ੍ਰਸਾਦ ਦੀ ਪ੍ਰਧਾਨਗੀ ਵਿਚ ਅੱਜ ਇਥੇ ਵਿਕਾਸ ਭਵਨ ਦੇ ਕਾਨਫਰੰਸ ਹਾਲ ਵਿੱਚ ਵਰਕਸ਼ਾਪ ਦੀਆਂ ਤਿਆਰੀਆਂ ਸਬੰਧੀ ਸਮੀਖਿਆ ਮੀਟਿੰਗ ਕੀਤੀ ਗਈ । ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਉਚੇਚੇ ਤੌਰ ਉਤੇ ਇਸ ਵਰਕਸ਼ਾਪ ਵਿੱਚ ਸ਼ਾਮਲ ਹੋਣਗੇ ਵਿੱਤੀ ਕਮਿਸ਼ਨਰ ਵੱਲੋਂ ਇਸ ਮੌਕੇ ਕੌਮੀ ਪੱਧਰ ਦੀ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਸਬੰਧਤ ਕਮੇਟੀਆਂ ਦੇ ਚੇਅਰਮੈਨਾਂ ਨੂੰ ਜ਼ਰੂਰੀ ਦਿਸ਼ਾ -ਨਿਰਦੇਸ਼
ਦਿੰਦਿਆਂ ਇਸ ਵਰਕਸ਼ਾਪ ਲਈ ਹਰ ਜ਼ਰੂਰੀ ਢੁੱਕਵੇਂ ਪ੍ਰਬੰਧ ਕਰਨ ਲਈ ਆਖਿਆ। ਉਨਾਂ ਕਿਹਾ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਬਿਹਤਰ ਬੁਨਿਆਦੀ ਢਾਂਚਾ ਸਥਾਪਤ ਕਰਨ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਤਹਿਤ ਇਹ ਵਰਕਸ਼ਾਪ ਬਹੁਤ ਸਹਾਈ ਸਿੱਧ ਹੋਵੇਗੀ ਜਿਸ ਵਿੱਚ ਦੇਸ਼ ਦੇ ਸਾਰੇ ਸੂਬਿਆਂ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ 1500 ਦੇ ਕਰੀਬ ਨੁਮਾਇਦੇ ਸ਼ਾਮਲ ਹੋਣਗੇ। ਇਨਾਂ ਵਿੱਚੋਂ 500 ਨੁਮਾਇੰਦੇ ਦੂਜੇ ਸੂਬਿਆਂ ਅਤੇ ਪੰਜਾਬ ਦੀਆਂ ਅਗਾਂਹਵਧੂ ਪੰਚਾਇਤਾਂ ਦੇ 1000 ਨੁਮਾਇੰਦੇ ਹਿੱਸਾ ਲੈਣਗੇ ਅਤੇ ਇਸ ਮੌਕੇ ਆਪਸੀ ਵਿਚਾਰ ਵਟਾਂਦਰੇ ਨਾਲ ਇਕ-ਦੂਜੇ ਨਾਲ ਪਿੰਡਾਂ ਵਿੱਚ ਹੋਏ ਕੰਮਾਂ ਦੇ ਤਜ਼ਰਬੇ ਸਾਂਝੇ ਕਰਨਗੇ। ਪੰਜਾਬ ਦੇ ਮਾਡਲ ਪਿੰਡਾਂ ਵਿੱਚ ਸਥਾਪਤ ਬੁਨਿਆਦੀ ਢਾਂਚੇ ਬਾਰੇ ਇਸ ਵਰਕਸ਼ਾਪ ਦੌਰਾਨ ਪੂਰੀ ਜਾਣਕਾਰੀ ਦਿੱਤੀ ਜਾਵੇਗੀ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਤੀ ਕਮਿਸ਼ਨਰ ਵੱਲੋਂ ਇਸ ਮੌਕੇ ਦੱਸਿਆ ਗਿਆ ਕਿ ਪੰਜਾਬ ਲਈ ਇਹ ਮਾਣ ਵਾਲੀ ਵਾਲੀ ਗੱਲ ਹੈ ਕਿ ਪਿੰਡਾਂ ਨਾਲ ਜੁੜੇ ਵਿਸ਼ੇ ਸਬੰਧੀ, ਪੰਜਾਬ ਸੂਬਾ ਸਥਾਈ ਵਿਕਾਸ ਦੇ ਟੀਚਿਆਂ ਨਾਲ ਜੁੜੀ ਕੌਮੀ ਪੱਧਰ ਦੀ ਵਰਕਸ਼ਾਪ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਪੰਜਾਬ ਪਹਿਲਾ ਸੂਬਾ ਹੈ ਜਿਹੜਾ 9 ਥੀਮਜ਼ ਵਿੱਚੋਂ ਪਹਿਲੀ ਵਰਕਸ਼ਾਪ ਕਰਵਾ ਰਿਹਾ ਹੈ। ਉਨਾਂ ਦੱਸਿਆ ਕਿ ਪਹਿਲੇ ਦਿਨ ਪੰਜਾਬ ਸੂਬੇ ਦੀਆਂ ਪੰਚਾਇਤਾਂ ਸਬੰਧੀ ਸੈਸ਼ਨ ਹੋਣਗੇ ਜਦੋਂ ਕਿ ਦੂਜੇ ਦਿਨ ਦੇ ਸੈਸ਼ਨਾਂ ਵਿੱਚ ਹੋਰਨਾਂ ਸੂਬਿਆਂ ਦੀਆਂ ਪੰਚਾਇਤਾਂ ਸ਼ਾਮਲ ਹੋਣਗੀਆਂ।
ਇਸ ਵਰਕਸ਼ਾਪ ਦਾ ਪ੍ਰਬੰਧਨ ਕਰ ਰਹੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਵਿਭਾਗ ਦੇ ਸੰਯੁਕਤ ਵਿਕਾਸ ਕਮਿਸ਼ਨਰ ਅਮਿਤ ਕੁਮਾਰ ਵੱਲੋਂ ਵਰਕਸ਼ਾਪ ਸਬੰਧੀ ਕੀਤੀਆਂ ਤਿਆਰੀਆਂ, ਪ੍ਰਬੰਧਾਂ ਅਤੇ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਮਹਿਮਾਨਾਂ ਦੇ ਠਹਿਰਨ, ਆਉਣ-ਜਾਣ ਦੇ ਕੀਤੇ ਇੰਤਜ਼ਾਮ ਬਾਰੇ ਜਾਣਕਾਰੀ ਦਿੱਤੀ ਗਈ ।
ਇਸ ਮੀਟਿੰਗ ਦੇ ਵਿੱਚ ਪੇਂਡੂ ਵਿਕਾਸ ਵਿਭਾਗ ਦੇ ਸੰਯੁਕਤ ਡਾਇਰੈਕਟਰ ਸੰਜੀਵ ਕੁਮਾਰ ਗਰਗ ,ਜਾਇੰਟ ਡਾਇਰੈਕਟਰ ਸਰਬਜੀਤ ਸਿੰਘ ਵਾਲੀਆ , ਦਮਨਜੀਤ ਸਿੰਘ ਮਾਨ ਏਡੀਸੀ (ਡੀ) ਰੂਪਨਗਰ ,ਹਰਕੰਵਲਜੀਤ ਸਿੰਘ ਡਿਪਟੀ ਸੀ ਈ ਓ , ਡਿਪਟੀ ਡਾਇਰੈਕਟਰ ਜਤਿੰਦਰ ਸਿੰਘ ਬਰਾੜ,ਦਿਨੇਸ਼ ਕੁਮਾਰ ਵਸ਼ਿਸ਼ਟ ਏਡੀਸੀ (ਡੀ )ਫਤਹਿਗਡ਼੍ਹ ਸਾਹਿਬ ਅਤੇ ਈਸ਼ਾ ਸਿੰਘਲ ਏਡੀਸੀ( ਡੀ) ਪਟਿਆਲਾ ਤੋਂ ਇਲਾਵਾ ਸਮੂਹ ਕਮੇਟੀਆਂ ਦੇ ਮੈਂਬਰ ਸੈਕਟਰੀ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।