ਪਟਿਆਲਾ : ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਸੰਪੰਨ ਹੋਏ 74ਵੇੰ ਗਣਤੰਤਰ ਦਿਵਸ ਸਮਾਰੋਹ ਮੌਕੇ ਵਾਤਾਵਰਣ ਸੇਵੀਆਂ ਨੂੰ ਸਨਮਾਨਿਤ ਕੀਤਾ ਗਿਆ। ਉਮੰਗ ਵੈਲਫੇਅਰ ਫਾਉਂਡੇਸ਼ਨ, ਪਬਲਿਕ ਹੈਲਪ ਫਾਉੰਡੇਸ਼ਨ ਅਤੇ ਵਣ ਮੰਡਲ (ਵਿਸਥਾਰ) ਪਟਿਆਲਾ ਵਿਖੇ ਕਾਰਜਸ਼ੀਲ ਅਮਨ ਅਰੋੜਾ ਨੂੰ ਵਾਤਾਵਰਣ ਸੰਭਾਲ ਅਤੇ ਜਾਗਰੂਕਤਾ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਜਿਲਾ ਪੱਧਰੀ ਐਵਾਰਡ ਨਾਲ ਨਿਵਾਜਿਆ ਗਿਆ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਐਵਾਰਡੀਆਂ ਨੂੰ ਸਨਮਾਨ ਪੱਤਰ ਅਤੇ ਸਨਮਾਨ ਚਿੰਨ ਭੇੰਟ ਕੀਤੇ ਗਏ। ਇਸ ਮੌਕੇ ਮੰਚ ਤੇ ਹਲਕਾ ਸਨੌਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਹਲਕਾ ਘਨੌਰ ਵਿਧਾਇਕ ਗੁਰਲਾਲ ਘਨੌਰ, ਹਲਕਾ ਪਟਿਆਲਾ ਸ਼ਹਿਰੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੁੱਖ ਮੰਤਰੀ ਪੰਜਾਬ ਦੇ ਲੋਕ ਸੰਪਰਕ ਨਿਰਦੇਸ਼ਕ ਬਲਤੇਜ ਪੰਨੂੰ, ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ, ਆਈਏਐਸ, ਐਸਐਸਪੀ ਪਟਿਆਲਾ ਵਰੁਣ ਸ਼ਰਮਾ, ਆਈਪੀਐਸ ਵੀ ਸ਼ੁਸ਼ੋਭਿਤ ਸਨ।
ਉਮੰਗ ਵੈਲਫੇਅਰ ਫਾਉਂਡੇਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਵਸ ਨੂੰ ਸਮਰਪਿਤ ਪੌਦਾਰੋਪਣ ਸਪਤਾਹ ਮਨਾਉਣ ਲਈ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਨੂੰ ਸੁਝਾਅ ਦਿੱਤਾ ਗਿਆ ਸੀ। ਸੰਸਥਾ ਦੇ ਸੁਝਾਅ ਪ੍ਰਤੀ ਡੀਸੀ ਸਾਕਸ਼ੀ ਸਾਹਨੀ ਅਤੇ ਵਣ ਮੰਡਲ ਅਫ਼ਸਰ (ਵਿਸਥਾਰ) ਵਿੱਦਿਆ ਸਾਗਰੀ ਆਰਯੂ, ਆਈਐਫ਼ਐਸ ਨੇ ਸਕਾਰਾਤਮਕ ਰਵੱਈਆ ਦਿਖਾਉੰਦੇ ਹੋਏ ਜਿਲੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਸਪਤਾਹ ਮਨਾਇਆ ਸੀ। ਸੰਸਥਾ ਵੱਲੋੰ ਸਪਤਾਹ ਦੌਰਾਨ ਸੈੰਕੜੇ ਹੀ ਅਜਿਹੇ ਵਲੰਟੀਅਰ ਤਿਆਰ ਕੀਤੇ ਗਏ ਜਿਨ੍ਹਾਂ ਨੇ ਹਰ ਸਾਲ ਇੱਕ ਰੁੱਖ ਲਗਾਉਣ ਅਤੇ ਉਸਦੀ ਸੰਭਾਲ ਕਰਨ ਦਾ ਪ੍ਰਣ ਲਿਆ। ਉਮੰਗ ਫਾਉਂਡੇਸ਼ਨ ਵੱਲੋੰ ਜ਼ਿਲ੍ਹਾ ਐਵਾਰਡ ਪ੍ਰਧਾਨ ਅਰਵਿੰਦਰ ਸਿੰਘ, ਅਨੁਰਾਗ ਆਚਾਰਿਆ, ਰਜਿੰਦਰ ਸਿੰਘ ਨੇ ਪ੍ਰਾਪਤ ਕੀਤਾ।
ਪਬਲਿਕ ਹੈਲਪ ਫਾਉਂਡੇਸ਼ਨ ਨੇ ਇੱਕ ਛੋਟਾ ਜਿਹਾ ਯਤਨ ਕਰਕੇ ਵੱਡਾ ਸੰਦੇਸ਼ ਦੇਣ ਦੀ ਸਫਲ ਕੋਸ਼ਿਸ਼ ਕੀਤੀ। ਇਸ ਸੰਸਥਾ ਨੇ ਖ਼ਾਲਸਾ ਕਾਲਜ ਦੇ ਬਿਲਕੁਲ ਸਾਹਮਣੇ ਕੂੜੇ ਦੇ ਢੇਰ ਨੂੰ ਆਪਣੀ ਅਣਥੱਕ ਮਿਹਨਤ ਨਾਲ ਛੋਟੇ ਜਿਹੇ ਸੁੰਦਰ ਪਾਰਕ ਵਿੱਚ ਤਬਦੀਲ ਕਰ ਦਿੱਤਾ। ਸੰਸਥਾ ਦੇ ਮੈਂਬਰਾਂ ਨੇ ਆਪਣੇ ਹੱਥਾਂ ਨਾਲ ਕੂੜਾ ਚੁੱਕਿਆ, ਲੋਕਾਂ ਨੂੰ ਇੱਥੇ ਕੂੜਾ ਨਾ ਸੁੱਟਣ ਲਈ ਪ੍ਰੇਰਿਤ ਕੀਤਾ, ਫਿਰ ਤਾਰਬੰਦੀ ਕਰਕੇ ਅਤੇ ਬੂਟੇ ਲਗਾਕੇ ਉਸ ਜਗ੍ਹਾ ਨੂੰ ‘ਗ੍ਰੀਨ ਕਾਰਨਰ’ ਦਾ ਨਾਮ ਦਿੱਤਾ। ਫਾਉਂਡੇਸ਼ਨ ਵੱਲੋੰ ਜ਼ਿਲ੍ਹਾ ਐਵਾਰਡ ਪ੍ਰਧਾਨ ਮੱਘਰ ਸਿੰਘ, ਜਨਰਲ ਸਕੱਤਰ ਰਵਿੰਦਰ ਸਿੰਘ ਅਤੇ ਵਿੱਤ ਸਕੱਤਰ ਇੰਦਰਜੀਤ ਸਿੰਘ ਨੇ ਹਾਸਲ ਕੀਤਾ।
ਵਣ ਮੰਡਲ (ਵਿਸਥਾਰ), ਪਟਿਆਲਾ ਵਿਖੇ ਕਾਰਜਸ਼ੀਲ ਅਮਨ ਅਰੋੜਾ ਨੂੰ ਵਿਸਥਾਰ ਗਤੀਵਿਧੀਆਂ ਰਾਹੀੰ ਵਾਤਾਵਰਣ ਜਾਗਰੂਕਤਾ ਦੇ ਖੇਤਰ ਵਿੱਚ ਬਿਹਤਰੀਨ ਸੇਵਾਵਾਂ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ। ਸ਼ਹੀਦ ਭਗਤ ਸਿੰਘ ਪੌਦਾਰੋਪਣ ਸਪਤਾਹ ਤੇ ਸਫ਼ਲ ਆਯੋਜਨ ਵਿੱਚ ਅਮਨ ਅਰੋੜਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਵਿਸਥਾਰ ਮੰਡਲ ਵਿੱਚ ਕੰਮ ਕਰਦੇ ਹੋਏ ਅਮਨ ਅਰੋੜਾ ਨੇ ਵਣ ਵਿਭਾਗ, ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਆ ਵਿਚਕਾਰ ਕੜੀ ਜੋੜਣ ਦਾ ਕੰਮ ਕੀਤਾ।