ਰਾਜਪੁਰਾ 'ਚ ਸੀ.ਐਮ. ਦੀ ਯੋਗਸ਼ਾਲਾ ਦੀ ਹੋਵੇਗੀ ਸ਼ੁਰੂਆਤ: ਡਿਪਟੀ ਕਮਿਸ਼ਨਰ
ਰਾਜਪੁਰਾ : ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਰਾਜਪੁਰਾ ਵਿੱਚ ਚੱਲ ਰਹੇ ਅਤੇ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਲਈ ਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਰਾਜਪੁਰਾ ਪਰਲੀਨ ਕੌਰ ਕਾਲੇਕਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ਐਮ.ਐਲ.ਏ. ਨੀਨਾ ਮਿੱਤਲ ਨੇ ਕਿਹਾ ਕਿ ਰਾਜਪੁਰਾ ਨੂੰ ਇਕ ਮਾਡਲ ਸ਼ਹਿਰ ਦੇ ਤੌਰ 'ਤੇ ਵਿਕਸਤ ਕਰਨ ਲਈ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈਕੇ ਸ਼ਹਿਰ ਵਿੱਚ ਚੱਲ ਰਹੇ ਅਤੇ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਸਬੰਧੀ ਨਵੀਂ ਰੂਪ ਰੇਖਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਵੱਲੋਂ ਤੇਜ਼ੀ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਰਾਜਪੁਰਾ ਜੋ ਕਿ ਸੂਬੇ ਦੇ ਮਹੱਤਵਪੂਰਣ ਸ਼ਹਿਰਾਂ ਵਿਚੋਂ ਇੱਕ ਹੈ ਦੇ ਵਿਕਾਸ ਵੱਲ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਤੌਰ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸ਼ਹਿਰ ਵਾਸੀਆਂ ਨੂੰ ਖੇਡ ਸਟੇਡੀਅਮ ਸਮੇਤ ਹੋਰ ਵੱਡੇ ਪ੍ਰੋਜੈਕਟ ਦੇਖਣ ਨੂੰ ਮਿਲਣਗੇ।
ਰਾਜਪੁਰਾ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੱਜ ਦੇ ਦੌਰੇ ਦਾ ਮੁੱਖ ਮਕਸਦ ਲੰਬਿਤ ਚੱਲੇ ਆ ਰਹੇ ਪ੍ਰੋਜੈਕਟ ਦੀ ਗਤੀ ਨੂੰ ਤੇਜ਼ ਕਰਨ ਲਈ ਰਣਨੀਤੀ ਬਣਾਉਣ ਅਤੇ ਪ੍ਰਤਾਪ ਕਲੋਨੀ ਨੇੜੇ ਪਈ ਜ਼ਮੀਨ ਨੂੰ ਖੇਡ ਸਟੇਡੀਅਮ ਵਜੋਂ ਵਿਕਸਤ ਕਰਨ ਲਈ ਸਬੰਧਤ ਵਿਭਾਗਾਂ ਨਾਲ ਮੌਕੇ 'ਤੇ ਜਾ ਕੇ ਜ਼ਰੂਰੀ ਪਹਿਲੂਆਂ 'ਤੇ ਚਰਚਾ ਕਰਨਾ ਸੀ।
ਉਨ੍ਹਾਂ ਕਿਹਾ ਕਿ ਰਾਜਪੁਰਾ ਵਿਖੇ ਪੁਰਾਣੀਆਂ ਕਚਹਿਰੀਆਂ ਕੋਲ ਆਮ ਆਦਮੀ ਕਲੀਨਿਕ ਖੋਲਣ ਸਮੇਤ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਤੰਦਰੁਸਤ ਤੇ ਨਿਰੋਈ ਸਿਹਤ ਲਈ ਸ਼ੁਰੂ ਕੀਤੀ ਗਈ ਸੀ.ਐਮ. ਦੀ ਯੋਗਸ਼ਾਲਾ ਦੀ ਰਾਜਪੁਰਾ ਵਿਖੇ ਵੀ ਸ਼ੁਰੂਆਤ ਕਰਨ ਲਈ ਯੋਗਾ ਹਾਲ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਥੇ ਨਾਲ ਹੀ ਨੈਚੁਰੋਪੈਥੀ ਅਤੇ ਆਯੂਸ਼ ਕੇਂਦਰ ਖੋਲਣ ਸਮੇਤ ਗਰੀਨ ਬੈਲਟ ਵੀ ਵਿਕਸਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਐਮ.ਐਲ.ਏ. ਰਾਜਪੁਰਾ ਨੇ ਜੋ ਰਾਜਪੁਰਾ ਦੇ ਵਿਕਾਸ ਲਈ ਯੋਜਨਾ ਬਣਾਈ ਹੈ ਉਸ ਨੂੰ ਅਮਲੀ ਜਾਮਾਂ ਪਹਿਨਾਇਆ ਜਾਵੇਗਾ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਸਿੰਘ ਦੂਆ, ਤਹਿਸੀਲਦਾਰ ਰਣਜੀਤ ਸਿੰਘ, ਲਵਿਸ਼ ਮਿੱਤਲ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।