ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ 11 ਖਿਡਾਰੀ 'ਵਰਲਡ ਯੂਨੀਵਰਸਿਟੀ ਗੇਮਜ਼ 2023' ਜੋ ਕਿ ਚੇਂਗੜੂ, ਚਾਈਨਾ ਵਿਖੇ ਮਿਤੀ 28 ਜੁਲਾਈ ਤੋਂ 8 ਅਗਸਤ 2023 ਤੱਕ ਹੋਣ ਜਾ ਰਹੀਆਂ ਹਨ, ਵਿੱਚ ਭਾਗ ਲੈਣ ਲਈ ਚੁਣੇ ਗਏ ਹਨ। ਵਾਲੀਬਾਲ ਦੀ ਟੀਮ ਪਹਿਲੀ ਵਾਰ 'ਵਰਲਡ ਯੂਨੀਵਰਸਿਟੀ ਗੇਮਜ਼' ਵਿਚ ਭਾਗ ਲੈਣ ਜਾ ਰਹੀ ਹੈ ਅਤੇ ਟੀਮ ਦੇ ਕੁੱਲ 12 ਖਿਡਾਰੀਆਂ ਵਿਚੋਂ 2 ਖਿਡਾਰੀ ਲੜਕੀਆਂ ਸੁਮੇਧਾ ਅਤੇ ਸ਼ੁਕਲਾ ਪੂਰਣਾ ਦੀਪਕਭਾਈ ਇਸ ਟੀਮ ਦਾ ਹਿੱਸਾ ਬਣੀਆਂ ਹਨ।
ਤੀਰਅੰਦਾਜ਼ੀ ਖੇਡ ਲਈ 12 ਖਿਡਾਰੀਆਂ ਦੀ ਟੀਮ ਵਿਚ ਪੰਜਾਬੀ ਯੂਨੀਵਰਸਿਟੀ ਤੋਂ 4 ਤੀਰਅੰਦਾਜ਼ ਅਵਨੀਤ ਕੌਰ, ਤਨੀਸ਼ਾ ਵਰਮਾ, ਸੰਗਮਪ੍ਰੀਤ ਸਿੰਘ ਬਿਸਲਾ ਅਤੇ ਅਮਨ ਸੈਣੀ ਸ਼ਾਮਲ ਹਨ, ਜਦੋਂਕਿ ਬੈਡਮਿੰਟਨ ਖੇਡ ਵਿਚ ਯੂਨੀਵਰਸਿਟੀ ਦੇ 2 ਖਿਡਾਰੀ ਮੀਰਾਬਾ ਲੁਆਂਗ ਮੈਸਨਮ ਅਤੇ ਹਰਸ਼ਿਤ ਠਾਕੁਰ, ਫੈਂਸਿੰਗ ਖੇਡ ਵਿਚ ਸਿਕਸ਼ਾ ਬਲੌਰੀਆ ਅਤੇ ਨੀਰ ਅਤੇ ਤਾਇਕਵਾਂਡੋ ਖੇਡ ਲਈ ਭਾਰਤੀ ਯੂਨੀਵਰਸਿਟੀ ਟੀਮ ਵਿਚ ਅਜੈ ਕੁਮਾਰ ਨੂੰ ਸ਼ਾਮਲ ਹੋਣ ਦਾ ਮੌਕਾ ਪ੍ਰਾਪਤ ਹੋਇਆ ਹੈ। ਉਪਕੁਲਪਤੀ ਪ੍ਰੋ. ਅਰਵਿੰਦ ਅਤੇ ਖੇਡ ਨਿਰਦੇਸ਼ਕ ਪ੍ਰੋ. ਅਜੀਤਾ ਨੇ ਖਿਡਾਰੀਆਂ ਨੂੰ ਉਚੇਚੇ ਤੌਰ ਉੱਤੇ ਵਧਾਈ ਦਿੱਤੀ ਅਤੇ ਆਪਣੀ ਵਧੀਆ ਕਾਰਗੁਜਾਰੀ ਦਾ ਪ੍ਰਦਰਸ਼ਨ ਕਰਨ ਲਈ ਅਸ਼ੀਰਵਾਦ ਦਿੱਤਾ। ਪੰਜਾਬੀ ਯੂਨੀਵਰਸਿਟੀ ਲਈ ਇਹ ਵੀ ਮਾਣ ਦੀ ਗੱਲ ਹੈ ਕਿ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀ (ਏ.ਆਈ.ਯੂ.) ਵੱਲੋਂ ਵਰਸਿਟੀ ਨੂੰ ਜੂਡੋ ਅਤੇ ਟੇਬਲ ਟੈਨਿਸ ਦੀਆਂ ਟੀਮਾਂ ਨੂੰ ਵਰਲਡ ਯੂਨੀਵਰਸਿਟੀ ਗੇਮਜ਼ ਵਿੱਚ ਭਾਗ ਲੈਣ ਸਬੰਧੀ ਟੀਮਾਂ ਭੇਜਣ ਅਤੇ ਇਸ ਤੋਂ ਇਲਾਵਾ ਵਰਸਿਟੀ ਦੇ ਖੇਡ ਨਿਰਦੇਸ਼ਕ ਪ੍ਰੋ. ਅਜੀਤਾ ਨੂੰ ਬਤੌਰ ਟੀਮ ਲੀਡਰ ਇਹਨਾਂ ਟੀਮਾਂ ਦੀ ਅਗਵਾਈ ਕਰਨ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ।