ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੀਤੇ ਦਿਨੀਂ ਐਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ ਦੇ ਕਾਰਜਕਾਲ ਵਿੱਚ 15 ਸਤੰਬਰ ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਦੇ ਹਿਤਾਂ ਅਤੇ ਜਨਤਾ ਨੂੰ ਧਿਆਨ ਵਿਚ ਰੱਖਦੇ ਹੋਏ ਸੰਜੇ ਕੁਮਾਰ ਮਿਸ਼ਰਾ ਦੇ ਕਾਰਜਕਾਲ ਵਿਚ ਵਾਧਾ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਕੁਝ ਗੁਆਂਢੀ ਦੇਸ਼ ਚਾਹੁੰਦੇ ਹਨ ਕਿ ਭਾਰਤ ਨੂੰ ਫ਼ਾਈਨੈਂਸ਼ੀਅਲ ਐਕਸ਼ਨ ਟਾਸਕ ਫ਼ੋਰਸ ਦੀ ਸਲੇਟੀ ਸੂਚੀ ਵਿੱਚ ਰਖਿਆ ਜਾਵੇ। ਐਫ਼.ਏ.ਟੀ.ਐਫ਼ ਸਮੀਖਿਆ ਕਰ ਰਿਹਾ ਹੈ ਅਤੇ ਅਜਿਹੇ ਵਿਚ ਸੰਜੇ ਮਿਸ਼ਰਾ ਦਾ ਅਪਣੇ ਅਹੁੱਦੇ ਉਤੇ ਬਣੇ ਰਹਿਣਾ ਬਹੁਤ ਹੀ ਜ਼ਰੂਰੀ ਹੈ। ਜਸਟਿਸ ਬੀ.ਆਰ. ਗਵਈ, ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਜੇ ਕਰੋਲ ਦੀ ਬੈਂਚ ਨੇ ਕਿਹਾ ਕਿ ਕਾਰਜਕਾਲ ਵਿਚ ਵਾਧਾ ਸਿਰਫ਼ 15 ਸਤੰਬਰ ਦੀ ਅੱਧੀ ਰਾਤ ਤੱਕ ਹੀ ਹੋਵੇਗਾ।
ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਕੋਲ ਈ.ਡੀ. ਦਾ ਕਾਰਜਕਾਲ 30 ਸਤੰਬਰ ਤੱਕ ਵਧਾਏ ਜਾਣ ਦਾ ਪ੍ਰਸਤਾਵ ਰੱਖਿਆ ਸੀ ਪਰ ਬੈਂਚ ਨੇ ਇਸ ਵਿਚ ਸਿਰਫ਼ 15 ਸਤੰਬਰ ਤੱਕ ਦਾ ਹੀ ਵਾਧਾ ਕੀਤਾ ਹੈ।