ਚੰਡੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਅੱਜ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ. ਜੈ ਕ੍ਰਿਸ਼ਨ ਸਿੰਘ ਰੌੜੀ ਦੀ ਮੌਜੂਦਗੀ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਾਹਿਲਪੁਰ ਵਿਖੇ ਕਰੀਬ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਦੋ ਮਹੱਤਵਪੂਰਨ ਸੜਕਾਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ। ਇਨ੍ਹਾਂ ਵਿਚ 13.05 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਾਹਿਲਪੁਰ-ਜੇਜੋਂ ਸੜਕ ਅਤੇ 11.25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਾਹਿਲਪੁਰ-ਫਗਵਾੜਾ ਸੜਕ ਸ਼ਾਮਿਲ ਹਨ। ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਮਾਹਿਲਪੁਰ-ਜੇਜੋਂ ਸੜਕ ਬਹੁਤ ਮਹੱਤਵਪੂਰਨ ਸੜਕ ਹੈ, ਜੋ ਕਿ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਸੜਕ ਦੀ ਹਾਲਤ ਜ਼ਿਆਦਾ ਚੰਗੀ ਨਹੀਂ ਸੀ ਅਤੇ ਇਸ ਦੀ ਆਖਰੀ ਮੁਰੰਮਤ ਮਈ 2015 ਵਿਚ ਹੋਈ ਸੀ। ਉਨ੍ਹਾਂ ਦੱਸਿਆ ਕਿ 15.12 ਕਿਲੋਮੀਟਰ ਲੰਬੀ ਇਸ ਸੜਕ ਦਾ ਨਿਰਮਾਣ ਕਾਰਜ ਸੁਰੂ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਸੜਕ ਨੂੰ ਮਜ਼ਬੂਤ ਕਰਨ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਨਿਰਮਾਣ ਕਾਰਜ ਪੂਰਾ ਹੋਣ ਤੋਂ ਬਾਅਦ ਸੜਕ ਬਣਾਉਣ ਵਾਲੀ ਏਜੰਸੀ ਵਲੋਂ ਸੜਕ ਨਿਰਮਾਣ ਪੂਰਾ ਹੋਣ ਤੋਂ ਬਾਅਦ 5 ਸਾਲ ਲਈ ਇਸ ਸੜਕ ਦਾ ਰੱਖ-ਰਖਾਅ ਵੀ ਕੀਤਾ ਜਾਵੇਗਾ। ਇਸੇ ਤਰ੍ਹਾਂ ਮਾਹਿਲਪੁਰ ਨੂੰ ਫਗਵਾੜਾ ਨਾਲ ਜੋੜਨ ਵਾਲੀ ਸੜਕ ਵੀ ਕਾਫ਼ੀ ਮਹੱਤਵਪੂਰਨ ਹੈ ਅਤੇ ਇਸ ਸੜਕ ਦੀ ਵੀ ਆਖਰੀ ਮੁਰੰਮਤ ਮਈ 2015 ਵਿਚ ਹੋਈ ਸੀ। ਉਨ੍ਹਾਂ ਕਿਹਾ ਕਿ 14.34 ਕਿਲੋਮੀਟਰ ਲੰਬੀ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਜਾ ਚੁੱਕਾ ਹੈ, ਜੋ ਕਿ ਜਲਦ ਹੀ ਮੁਕੰਮਲ ਹੋ ਜਾਵੇਗੀ ਅਤੇ ਇਸ ਸੜਕ ਨੂੰ ਵੀ ਬਣਾਉਣ ਵਾਲੀ ਏਜੰਸੀ ਵਲੋਂ ਸੜਕ ਨਿਰਮਾਣ ਪੂਰਾ ਹੋਣ ਤੋਂ ਬਾਅਦ 5 ਸਾਲ ਲਈ ਸੜਕ ਦੀ ਸਾਂਭ-ਸੰਭਾਲ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਗੜ੍ਹਸ਼ੰਕਰ ਤੋਂ ਨੰਗਲ ਅਤੇ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਨੂੰ ਜਾਣ ਵਾਲੀ ਸੜਕ ਨੂੰ 33 ਫੁੱਟ ਚੌੜਾ ਕਰਨ ਦੀ ਘੋਸ਼ਣਾ ਵੀ ਕੀਤੀ। ਸੂਬੇ ਦੇ ਬਿਜਲੀ ਵਿਭਾਗ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ, ਸ. ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸੂਬਾ ਵਾਸੀਆਂ ਨੂੰ 600 ਯੂਨਿਟ ਮਿਲ ਰਹੀ ਮੁਫ਼ਤ ਬਿਜਲੀ ਕਾਰਨ ਪੰਜਾਬ ਦੇ 90 ਫੀਸਦੀ ਖਪਤਕਾਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਉਨ੍ਹਾਂ ਕਿਹਾ ਕਿ 2015 ਤੋਂ ਬੰਦ ਪਈ ਪਛਵਾੜਾ ਕੋਲੇ ਦੀ ਖਾਣ ਨੂੰ ਸਾਡੀ ਸਕਰਾਰ ਨੇ ਆਉਂਦੇ ਹੀ ਖੁਲ੍ਹਵਾਇਆ ਹੈ, ਜਿਸ ਨਾਲ ਸੂਬੇ ਨੁੰ 1500 ਕਰੋੜ ਦੀ ਸਾਲਾਨਾ ਆਮਦਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਜ੍ਹਾ ਨਾਲ ਪੰਜਾਬ ਦੇ ਥਰਮਲ ਪਲਾਂਟਾਂ ਵਿਚ 45 ਦਿਨ ਦਾ ਕੋਲਾ ਰਿਜ਼ਰਵ ਪਿਆ ਹੈ। ਉਨ੍ਹਾਂ ਕਿਹਾ ਕਿ ਮਹਿਜ਼ ਸਵਾ ਸਾਲ ਦੇ ਅਰਸੇ ਵਿਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਦੀ ਆਰਥਿਕਤਾ ਦੀ ਗੱਡੀ ਨੂੰ ਪਟੜੀ ’ਤੇ ਲਿਆਂ ਦਿੱਤਾ ਹੈ। ਇਸ ਦੌਰਾਨ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਗੜ੍ਹਸ਼ੰਕਰ ਵਿਧਾਨ ਸਭਾ ਹਲਕਾ ਅਤੇ ਚੱਬੇਵਾਲ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਗੜ੍ਹਸੰੰਕਰ ਨੂੰ ਜੋੜਨ ਵਾਲੀਆਂ ਵੱਖ-ਵੱਖ ਸੜਕਾਂ ਦਾ ਨਿਰਮਾਣ ਕਾਰਜ ਪਹਿਲਾਂ ਹੀ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਜਿਸ ਨਾਲ ਇਲਾਕਾ ਵਾਸੀਆਂ ਨੂੰ ਬਹੁਤ ਲਾਭ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੜ੍ਹਾਂ ਕਾਰਨ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਹੱਲੂਵਾਲ ਅਤੇ ਹੋਰ ਇਲਾਕਿਆਂ ਵਿਚ ਜਿਨ੍ਹਾਂ ਸੜਕਾਂ ਅਤੇ ਪੁਲਾਂ ਦਾ ਨੁਕਸਾਨ ਹੋਇਆ ਸੀ, ਉਸ ਦਾ ਨਿਰਮਾਣ ਕਾਰਜ ਵੀ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਸਬੰਧ ਵਿਚ ਕੈਬਨਿਟ ਮੰਤਰੀ ਨੇ ਮਨਜ਼ੂਰੀ ਦੇ ਦਿੱਤੀ ਹੈ।