ਪਟਿਆਲਾ : ਪੰਜਾਬ ਸਰਕਾਰ ਵੱਲੋਂ ਨਿੱਜੀ ਕਿਸਾਨਾਂ, ਕਿਸਾਨ ਗਰੁੱਪਾਂ, ਗ੍ਰਾਮ ਪੰਚਾਇਤਾਂ ਅਤੇ ਕ੍ਰੋਆਪਰੇਟਿਵ ਸੋਸਾਇਟੀਆਂ ਨੂੰ ਪਰਾਲੀ ਦੀ ਸਾਂਭ-ਸੰਭਾਲ ਵਾਲੀ ਖੇਤੀ ਮਸ਼ੀਨਰੀ ਜਿਵੇਂ ਹੈਪੀ ਸੀਡਰ, ਸੁਪਰ ਸੀਡਰ, ਪੈਡੀ ਚੌਪਰ, ਉਲਟਾਵੇਂ ਹਲ, ਮਲਚਰ, ਬੇਲਰ, ਰੇਕ, ਸੁਪਰ ਐਸ.ਐਮ.ਐਮ ਅਤੇ ਜੀਰੋ ਡਰਿੱਲ ਸਬਸਿਡੀ ਉਪਰ ਮੁਹੱਈਆ ਕਰਵਾਉਣ ਹਿੱਤ ਸੀ.ਆਰ.ਐਮ. ਸਕੀਮ 2023-24 ਅਧੀਨ ਵਿਭਾਗ ਦੇ ਪੋਰਟਲ agrimachinerypb.com ਤੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਦੱਸਿਆ ਹੈ ਕਿ ਇਸ ਲਈ ਅਪਲਾਈ ਕਰਨ ਦੀ ਆਖਰੀ ਮਿਤੀ 15 ਅਗਸਤ 2023 ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ਼ਾਕਸ਼ੀ ਸਾਹਨੀ ਦੀ ਅਗਵਾਈ ਵਿਚ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਖੇਤੀ ਮਸ਼ੀਨਰੀ ਚਾਹਵਾਨ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਵੈਬਸਾਈਟ ਐਗਰੀਮਸ਼ੀਨਰੀਪੀਬੀ ਡਾਟ ਕਾਮ ਉਪਰ ਵਧੇਰੇ ਜਾਣਕਾਰੀ ਦੇਖ ਸਕਦੇ ਹਨ। ਡਾ. ਗੁਰਨਾਮ ਸਿੰਘ ਨੇ ਅਪੀਲ ਕੀਤੀ ਕਿ ਜਿਹਨਾਂ ਪਿੰਡਾਂ ਵਿਚ ਪਰਾਲੀ ਦੀ ਸਾਂਭ-ਸੰਭਾਲ ਵਾਲੀ ਖੇਤੀ ਮਸ਼ੀਨਰੀ ਦੀ ਗਿਣਤੀ ਬਹੁਤ ਘੱਟ ਹੈ ਉਹਨਾਂ ਨਾਲ ਸਬੰਧਿਤ ਗ੍ਰਾਮ ਪੰਚਾਇਤਾਂ, ਕੋਆਪ੍ਰੇਟਿਵ ਸੋਸਾਇਟੀਆਂ ਅਤੇ ਕਿਸਾਨ ਵੀਰ ਵੱਧ ਤੋਂ ਵੱਧ ਅਰਜੀਆਂ ਲਗਾਉਣ ਤਾਂ ਜੋ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਨਿੱਜੀ ਕਿਸਾਨ ਨੂੰ 50 ਫੀਸਦੀ ਜਦਕਿ ਕਿਸਾਨ ਗਰੁੱਪ, ਗ੍ਰਾਮ ਪੰਚਾਇਤਾਂ ਅਤੇ ਕੋਆਪ੍ਰੇਟਿਵ ਸੋਸਾਇਟੀਆਂ ਨੂੰ 80 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।