ਪਟਿਆਲਾ : ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨੇ ਨਗਰ ਨਿਗਮ ਦੇ ਸੀਵਰੇਜ ਵਰਕਰਾਂ ਨੂੰ ਹੁਨਰਮੰਦ ਬਣਾਉਣ ਦੇ ਮਕਸਦ ਨਾਲ ਇੱਥੇ ਇੱਕ ਹੁਨਰ ਸਿਖਲਾਈ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ। ਸੰਕਲਪ ਸਕੀਮ ਦੇ ਤਹਿਤ, ਇਸ ਪਹਿਲਕਦਮੀ ਦੌਰਾਨ 110 ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਵਿੱਚੋਂ 107 ਨੇ ਇਸ ਸਿਖਲਾਈ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਸ ਪ੍ਰੋਗਰਾਮ ਵਿੱਚ ਕਲਾਸਰੂਮ ਸਿਖਲਾਈ ਅਤੇ ਹੱਥੀਂ ਪ੍ਰੈਕਟੀਕਲ ਸੈਸ਼ਨ ਸ਼ਾਮਲ ਕਰਵਾਏ ਗਏ। ਅੱਜ ਇੱਕ ਸਮਾਰੋਹ ਮੌਕੇ ਏ.ਡੀ.ਸੀ. ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ, ਨੇ ਪੇਸ਼ੇਵਰ ਵਿਕਾਸ ਲਈ ਸਿਖਲਾਈ ਹਾਸਲ ਕਰਨ ਵਾਲਿਆਂ ਦੇ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਨਿਪੁੰਨ ਉਮੀਦਵਾਰਾਂ ਨੂੰ ਸਰਟੀਫਿਕੇਟ ਵੰਡੇ। ਉਨ੍ਹਾਂ ਕਿਹਾ ਕਿ ਸਿਖਲਾਈ ਪ੍ਰਾਪਤ ਉਮੀਦਵਾਰ ਹੁਣ ਅਸਲ-ਸੰਸਾਰ ਦੀਆਂ ਚੁਣੌਤੀਆਂ ਲਈ ਆਪਣੇ ਹੁਨਰਾਂ ਨੂੰ ਵਰਤਣ ਲਈ ਨੌਕਰੀ 'ਤੇ ਸਿਖਲਾਈ ਵਿੱਚ ਹਿੱਸਾ ਲੈਣਗੇ। ਇਹ ਪਹਿਲਕਦਮੀ ਸਾਰੇ ਖੇਤਰਾਂ ਵਿੱਚ ਹੁਨਰ ਵਿਕਾਸ ਅਤੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਮੌਕੇ ਗਗਨਦੀਪ ਕੌਰ, ਉਪਕਾਰ ਸਿੰਘ ਤੇ ਹਰਲੀਨ ਕੌਰ ਸਮੇਤ ਹੋਰ ਵੀ ਮੌਜੂਦ ਸਨ।