ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ "ਤੀਆਂ ਦੇ ਰੰਗ, ਮਿਲਟਸ ਦੇ ਸੰਗ" ਥੀਮ ਦੇ ਨਾਲ ਪਿੰਡ ਬਖਸ਼ੀਵਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪੰਜਾਬ ਦੇ ਅਮੀਰ ਸੱਭਿਆਚਾਰ, ਵਿਰਸੇ ਅਤੇ ਪਰੰਪਰਾਵਾਂ ਨੂੰ ਬਾਖੂਬੀ ਪੇਸ਼ ਕਰਦਿਆਂ ਲੋਕ ਧੁਨਾਂ ਅਤੇ ਲੋਕ ਗੀਤਾਂ ਦੇ ਸੁਮੇਲ ਨਾਲ ਸਮਾਗਮ ਨੂੰ ਹੋਰ ਵੀ ਮਨਮੋਹਕ ਬਣਾਇਆ ਗਿਆ। ਮੇਲੇ ਵਿੱਚ ਰੌਣਕ ਬਣਾਈ ਰੱਖਣ ਲਈ ਬਜ਼ੁਰਗ ਔਰਤਾਂ ਨੇ ਗਿੱਧਾ ਪਾਇਆ।
ਡਾ. ਗੁਰਪ੍ਰਦੇਸ਼ ਕੌਰ, ਐਸੋਸੀਏਟ ਪ੍ਰੋ. (ਗ੍ਰਹਿ ਵਿਗਿਆਨ) ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪੌਸ਼ਟਿਕ ਆਹਾਰ ’ਤੇ ਗੱਲ ਕਰਦਿਆਂ ਕਿਹਾ ਕਿ ਬਾਜਰੇ ਨੂੰ ਅਕਸਰ "ਪੌਸ਼ਟਿਕ-ਅਨਾਜ" ਕਿਹਾ ਜਾਂਦਾ ਹੈ ਕਿਉਂਕਿ ਉਸ ਵਿੱਚ ਉੱਚ ਪੌਸ਼ਟਿਕ ਤੱਤ ਅਤੇ ਖੁਰਾਕੀ ਫਾਈਬਰ ਹੁੰਦੇ ਹਨ। ਬਾਜਰਾ ਪ੍ਰੋਟੀਨ, ਸੂਖਮ ਪੌਸ਼ਟਿਕ ਤੱਤਾਂ ਅਤੇ ਫਾਈਟੋਕੈਮੀਕਲਸ ਦਾ ਚੰਗਾ ਸਰੋਤ ਹੈ ਅਤੇ ਇਸ ਵਿੱਚ ਸਿਹਤ ਨੂੰ ਉਤਸ਼ਾਹਿਤ ਕਰਨ ਵਾਲੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਸਿਹਤਮੰਦ ਭੋਜਨ ਬਣਾਉਣ ਲਈ ਰਿਫਾਇੰਡ ਆਟੇ ਨੂੰ ਬਾਜਰੇ ਨਾਲ ਬਦਲਣ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ।
ਸਮਾਗਮ ਦੌਰਾਨ ਕੁਲਵਿੰਦਰ ਕੌਰ ਅਤੇ ਗੁਰਪ੍ਰੀਤ ਕੌਰ ਨੇ ਕੋਦਰਾ ਨਮਕੀਨ, ਰਾਗੀ ਕੂਕੀਜ਼, ਰਾਗੀ ਦੇ ਗੋਲੇ ਅਤੇ ਬਾਜਰੇ ਦੀ ਚਕਲੀ ਆਦਿ ਵੱਖ-ਵੱਖ ਪਦਾਰਥਾਂ ਦੀ ਪ੍ਰਦਰਸ਼ਨੀ ਲਗਾਈ। ਹਰਿਆਲੀ ਸੈਲਫ ਹੈਲਪ ਗਰੁੱਪ ਤੋਂ ਨਿਰਮਲ ਕੌਰ ਅਤੇ ਖੁਸ਼ਹਾਲੀ ਸੈਲਫ ਹੈਲਪ ਗਰੁੱਪ ਤੋਂ ਰੁਪਿੰਦਰ ਕੌਰ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਜੇ.ਐਸ.ਗਰੇਵਾਲ ਅਤੇ ਰੁਪਿੰਦਰ ਕੌਰ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਔਰਤਾਂ ਨੂੰ ਸਿਖਲਾਈ, ਕਿਸਾਨ ਮੇਲਿਆਂ ਅਤੇ ਹੋਰ ਪਸਾਰ ਗਤੀਵਿਧੀਆਂ ਰਾਹੀਂ ਕੇ.ਵੀ.ਕੇ, ਪਟਿਆਲਾ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ।
ਗੁਰੂ ਕ੍ਰਿਪਾ ਸੈਲਫ ਹੈਲਪ ਗਰੁੱਪ ਦੀ ਸੁਨੀਤਾ ਰਾਣੀ ਨੇ ਭਾਗ ਲੈਣ ਵਾਲਿਆਂ ਨੂੰ ਖੁਰਾਕ ਵਿੱਚ ਬਾਜਰੇ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਜੀਵਨ ਦੇ ਸਾਰੇ ਖੇਤਰਾਂ ਵਿੱਚ ਔਰਤਾਂ ਦੀ ਸਵੈ-ਨਿਰਭਰਤਾ ਦੀ ਮਹੱਤਤਾ 'ਤੇ ਵੀ ਵਿਚਾਰ ਕੀਤਾ।