Thursday, November 21, 2024

Malwa

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਫ਼ਤ ਪਨੀਰੀ ਵੰਡਣ ਦੀ ਕੀਤੀ ਸ਼ੁਰੂਆਤ

August 12, 2023 06:43 PM
SehajTimes

ਨਾਭਾ : ਸੂਬੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਨਾਭਾ ਵਿਖੇ ਪੀ.ਏ.ਯੂ. ਕੈਂਪਸ ਬੀਜ ਫਾਰਮ ਤੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਮੁਫ਼ਤ ਪਨੀਰੀ ਪ੍ਰਦਾਨ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਵੀ ਮੌਜੂਦ ਸਨ। ਇਸ ਤੋਂ ਪਹਿਲਾ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਲਈ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜੁਲਾਈ ਮਹੀਨੇ ਦੀ 10 ਤਾਰੀਖ ਨੂੰ ਜੋ ਹੜ੍ਹ ਦੇ ਰੂਪ ਵਿੱਚ ਕੁਦਰਤੀ ਆਫ਼ਤ ਆਈ ਸੀ, ਉਸ ਨੇ ਸੂਬੇ ਦਾ ਕਰੀਬ 1400 ਕਰੋੜ ਰੁਪਏ ਦਾ ਨੁਕਸਾਨ ਕੀਤਾ ਹੈ ਪਰ ਪੰਜਾਬੀਆਂ ਦੇ ਬੁਲੰਦ ਹੌਸਲੇ ਤੇ ਜਜ਼ਬੇ ਸਦਕਾ ਅਸੀਂ ਇਸ ਔਖੀ ਘੜੀ ਵਿੱਚ ਵੀ ਇੱਕਜੁੱਟ ਹੋਕੇ ਇਸ ਦਾ ਸਾਹਮਣਾ ਕਰਦੇ ਹੋਏ ਇਕ-ਦੂਸਰੇ ਦੀ ਮਦਦ ਕਰਕੇ ਮਿਸਾਲ ਪੈਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਹੜ੍ਹਾਂ ਵਿੱਚ ਫ਼ਸਲਾਂ ਦੇ ਹੋਏ ਵੱਡੇ ਨੁਕਸਾਨ ਨੇ ਕਿਸਾਨ ਨੂੰ ਚਿੰਤਤ ਤਾਂ ਜ਼ਰੂਰ ਕੀਤਾ ਸੀ, ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੁਰੰਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਹੱਲ ਕੱਢਣ ਦੇ ਦਿੱਤੇ ਨਿਰਦੇਸ਼ਾਂ ਤਹਿਤ ਪੀ.ਏ.ਯੂ ਵੱਲੋਂ (ਪੀ.ਆਰ 126 ਅਤੇ ਪੂਸਾ ਬਾਸਮਤੀ 1509 ਜੋ ਝੋਨੇ ਦੀਆਂ ਪਿਛੇਤੀਆਂ ਕਿਸਮਾਂ ਬੀਜੀਆਂ ਜਾ ਸਕਦੀਆਂ ਹਨ) ਕਰੀਬ ਦੋ ਲੱਖ ਏਕੜ ਲਈ ਪਨੀਰੀ ਤਿਆਰ ਕਰਨ ਲਈ ਕਾਰਵਾਈ ਆਰੰਭੀ ਗਈ ਤੇ ਹੁਣ ਪਨੀਰੀ ਪੂਰੀ ਤਰ੍ਹਾਂ ਤਿਆਰ ਹੈ ਜੋ ਕਿਸਾਨ ਆਪਣੇ ਨੇੜੇ ਦੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਮੁਫ਼ਤ ਵਿੱਚ ਪ੍ਰਾਪਤ ਕਰ ਸਕਦੇ ਹਨ।
ਗੁਰਮੀਤ ਸਿੰਘ ਖੁੱਡੀਆਂ, ਜਿਨ੍ਹਾਂ ਕੋਲ ਪਸ਼ੂ ਪਾਲਣ, ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਵੀ ਹਨ, ਨੇ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਸਹਾਇਕ ਕਿੱਤੇ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਰਵਾਇਤੀ ਫ਼ਸਲਾਂ ਦੇ ਨਾਲ- ਨਾਲ ਫਲਾਂ, ਸਬਜ਼ੀਆਂ ਸਮੇਤ ਪਸ਼ੂ ਪਾਲਣ, ਮੱਛੀ ਪਾਲਣ, ਬੱਕਰੀ ਪਾਲਣ ਵਰਗੇ ਸਹਾਇਕ ਧੰਦੇ ਅਪਣਾਉਣ, ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਹੋਰ ਵਾਧਾ ਹੋ ਸਕੇ। ਉਨ੍ਹਾਂ ਸਵੈ ਸਹਾਇਤਾ ਗਰੁੱਪਾਂ ਵੱਲੋਂ ਲਗਾਏ ਗਏ ਸਟਾਲਾਂ ਦਾ ਦੌਰਾ ਕਰਦਿਆਂ ਕਿਹਾ ਕਿ ਪਿੰਡਾਂ ਦੀਆਂ ਔਰਤਾਂ ਵੱਲੋਂ ਆਮਦਨ ਨੂੰ ਵਧਾਉਣ ਲਈ ਸ਼ੁਰੂ ਕੀਤੇ ਗਏ ਕੰਮ ਸ਼ਲਾਘਾਯੋਗ ਹਨ ਤੇ ਪੰਜਾਬ ਸਰਕਾਰ ਵੱਲੋਂ ਇਸ ਖੇਤਰ ਵਿੱਚ ਹੋਰ ਕੰਮ ਕੀਤਾ ਜਾਵੇਗਾ।
ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਕਿਸਾਨਾਂ ਨੂੰ ਕਿਹਾ ਕਿ ਹੜ੍ਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਪੀ.ਆਰ 126 ਅਤੇ ਪੂਸਾ ਬਾਸਮਤੀ 1509 ਪੂਰੀ ਤਰ੍ਹਾਂ ਢੁਕਵੀਆਂ ਕਿਸਮਾਂ ਹਨ ਜੋ ਥੋੜ੍ਹੇ ਸਮੇਂ ਵਿੱਚ ਪੱਕ ਕੇ ਅਗਲੀ ਕਣਕ ਦੀ ਫ਼ਸਲ ਲਈ ਵੀ ਖੇਤ ਸਮੇਂ ਸਿਰ ਵਿਹਲਾ ਕਰ ਦਿੰਦੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਸਰਫੇਜ਼ ਸੀਡ ਆਫ਼ ਵੀਟ ਬਾਰੇ ਜਾਣਕਾਰੀ ਦਿੰਦਿਆਂ ਪਰਾਲੀ ਪ੍ਰਬੰਧਨ ਕਰਦੇ ਹੋਏ ਉਸ ਨੂੰ ਰੇਹ ਦੇ ਰੂਪ ਵਿੱਚ ਵਰਤਣ ਸਬੰਧੀ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ। ਇਸ ਦੌਰਾਨ ਪੀ.ਏ.ਯੂ ਦੇ ਖੇਤੀ ਮਾਹਰਾਂ ਵੱਲੋਂ ਕਿਸਾਨਾਂ ਨੂੰ ਫ਼ਸਲਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਐਸ.ਡੀ.ਐਮ ਨਾਭਾ ਤਰਸੇਮ ਚੰਦ, ਪੀ.ਏ.ਯੂ. ਦੇ ਡਾਇਰੈਕਟਰ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ, ਡਾਇਰੈਕਟਰ ਖੋਜ ਡਾ. ਅਜਮੇਰ ਸਿੰਘ, ਡਾ. ਜਸਵਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਨਾਮ ਸਿੰਘ, ਕੇ.ਵੀ.ਕੇ ਰੌਣੀ ਦੇ ਇੰਚਾਰਜ ਡਾ. ਗੁਰਉਪਦੇਸ਼ ਕੌਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਗੁਰਚਰਨ ਸਿੰਘ, ਡਿਪਟੀ ਡਾਇਰੈਕਟਰ ਮੱਛੀ ਪਾਲਣ ਕਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਮੌਜੂਦ ਸਨ।

Have something to say? Post your comment

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ