ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਆਪਣੇ ਹਲਕੇ ਦੇ ਤਿੰਨ ਹੋਰ ਮੁਹੱਲਾ ਕਲੀਨਿਕਾ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜ ਵਿੱਚ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਆਮ ਆਦਮੀ ਕਲੀਨਿਕਾਂ ਦੀ ਲੜੀ ਹੇਠ ਅਬਲੋਵਾਲ, ਬਾਬਾ ਜੀਵਨ ਸਿੰਘ ਬਸਤੀ ਅਤੇ ਟੋਬਾ ਬਾਬਾ ਧਿਆਨਾ ਵਿਖੇ ਮੁਹੱਲਾ ਕਲੀਨਿਕਾ ਦਾ ਉਦਘਾਟਨ ਕੀਤਾ। ਉਨ੍ਹਾਂ ਦੇ ਨਾਲ ਏ.ਡੀ.ਸੀ (ਜ)ਜਗਜੀਤ ਸਿੰਘ, ਐਸਡੀਐਮ ਡਾ. ਇਸਮਤ ਵਿਜੈ ਸਿੰਘ, ਸਿਵਲ ਸਰਜਨ ਡਾ. ਰਾਮਿੰਦਰ ਕੌਰ ਸਮੇਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਇਸ ਦੌਰਾਨ ਵਿਧਾਇਕ ਕੋਹਲੀ ਨੇ ਕਿਹਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਉਨ੍ਹਾਂਦੇ ਘਰਾਂ ਨੇੜੇ ਹੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਖੋਲ੍ਹੇ ਆਮ ਆਦਮੀ ਕਲੀਨਿਕਾਂ ਨੇ ਸੂਬੇ ਦੇ ਸਿਹਤ ਖੇਤਰ ਵਿੱਚ ਇਨਕਲਾਬ ਲਿਆਂਦਾ ਹੈ। ਉਨ੍ਹਾਂ ਕਿਹਾ ਕ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਕੋ ਇਕ ਨਿਸ਼ਾਨਾ ਹੈ ਕੇ ਲੋਕਾਂ ਨੂੰ ਕਿਸੇ ਵੀ ਕੰਮ ਲਈ ਖੱਜਲ ਖੁਆਰ ਨਾ ਹੋਣਾ ਪਵੇ ਤੇ ਮੁਹੱਲਾ ਕਲੀਨਿਕ ਖੋਲਣਾ ਵੀ ਉਸੇ ਕੜੀ ਦਾ ਇਕ ਹਿੱਸਾ ਹੈ।
ਅਜੀਤ ਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ਼ਹਿਰ ਵਿਚ 9 ਮੁਹੱਲਾ ਕਲੀਨਿਕ ਖੁੱਲ੍ਹੇ ਹੋਏ ਹਨ, ਅੱਜ 3 ਹੋਰ ਖੋਲੇ ਜਾਣ ਨਾਲ ਪਟਿਆਲਾ ਸ਼ਹਿਰ ਵਿਚ 12 ਮੁਹੱਲਾ ਕਲੀਨਿਕ ਹੋ ਗਏ ਹਨ। ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਨੂੰ ਲੋਕਾਂ ਦੇ ਘਰਾਂ ਨੇੜੇ ਹੀ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦਾ ਇਤਿਹਾਸਕ ਫੈਸਲਾ ਕਰਾਰ ਦਿੰਦਿਆਂ ਅਜੀਤਪਾਲ ਸਿੰਘ ਕੋਹਲੀ ਜੋ ਕਿ ਪਟਿਆਲਾ ਸ਼ਹਿਰੀ ਹਲਕੇ ਦੇ ਵਸਨੀਕਾਂ ਦੇ ਆਪਣੇ ਵਿਧਾਇਕ ਵਜੋਂ ਉਭਰ ਕੇ ਸਾਹਮਣੇ ਆਏ ਹਨ, ਨੇ ਸ਼ਹਿਰ ਵਾਸੀਆਂ ਨੂੰ ਨਵੇਂ ਆਮ ਆਦਮੀ ਕਲੀਨਿਕ ਖੁੱਲ੍ਹਣ ਲਈ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ।
ਅਜੀਤ ਪਾਲ ਸਿੰਘ ਕੋਹਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਰੱਥ ਲੋਕ ਤਾਂ ਵੱਡੇ ਹਸਪਤਾਲਾਂ ’ਚ ਆਪਣਾ ਇਲਾਜ ਕਰਵਾ ਸਕਦੇ ਹਨ, ਪਰੰਤੂ ਬਿਹਤਰ ਸਿਹਤ ਸਹੂਲਤਾਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਵਾਂਝੇ ਰਹਿ ਜਾਣ ਵਾਲੇ ਗਰੀਬ ਤੇ ਆਮ ਲੋਕਾਂ ਲਈ ਇਹ ਆਮ ਆਦਮੀ ਕਲੀਨਿਕ ਇੱਕ ਵਰਦਾਨ ਸਾਬਤ ਹੋ ਰਹੇ ਹਨ। ਵਿਧਾਇਕ ਕੋਹਲੀ ਨੇ ਦੱਸਿਆ ਕਿ ਪਟਿਆਲਾ ਸ਼ਹਿਰੀ ਹਲਕੇ ’ਚ ਪਹਿਲਾਂ ਭਾਸ਼ਾ ਵਿਭਾਗ, ਦਾਰੂ ਕੁਟੀਆ ਮੁਹੱਲਾ, ਮਥੁਰਾ ਕਲੋਨੀ, ਸਿਟੀ ਬ੍ਰਾਂਚ, ਗੁੜ ਮੰਡੀ ਨੇੜੇ ਹੈਡਲੀ ਫੀਮੇਲ, ਬਡੂੰਗਰ, ਆਰੀਆ ਸਮਾਜ ਵਿਖੇ 9 ਮੁਹੱਲਾ ਕਲੀਨਿਕ ਸਫ਼ਲਤਾ ਪੂਰਵਕ ਚੱਲ ਰਹੇ ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਤੇ ਇੱਥੇ ਰੋਜਾਨਾ 2200 ਤੋਂ 2500 ਦੇ ਆਸ-ਪਾਸ ਲੋਕ ਪ੍ਰਤੀ ਕਲੀਨਿਕ ਵਿਖੇ ਹਰ ਮਹੀਨੇ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਹਨ। ਜਦਕਿ ਅੱਜ ਖੋਲੇ ਗਏ 3 ਮੁਹੱਲਾ ਕਲੀਨਿਕਾਂ ਦੇ ਨੇੜਲੇ ਵਸਨੀਕਾਂ ਦੀ ਵੀ ਵੱਡੀ ਮੰਗ ਸੀ।