ਮਲਟੀ-ਨੈਸ਼ਨਲ ਕੰਪਨੀ (ਐੱਮ.ਐੱਨ.ਸੀ.) ਲਈ ਚੁਣੇ ਜਾਣ ‘ਤੇ ਸੂਬੇ ਦੇ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਇੱਥੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਦਫ਼ਤਰ ਵਿਖੇ 15 ਉਮੀਦਵਾਰਾਂ ਨੂੰ ਆਫ਼ਰ ਲੈਟਰ ਅਤੇ ਲੈਪਟਾਪ ਸੌਂਪੇ। ਐਚ.ਸੀ.ਐਲ. ਦੇ ਟੈਕ ਬੀ ਪ੍ਰੋਗਰਾਮ ਲਈ ਚੁਣੇ ਗਏ ਇਨ੍ਹਾਂ 15 ਵਿਦਿਆਰਥੀਆਂ ਦੀ ਚੋਣ ਮੋਹਾਲੀ, ਬਠਿੰਡਾ, ਪਟਿਆਲਾ, ਸੰਗਰੂਰ, ਫਿਰੋਜ਼ਪੁਰ ਅਤੇ ਲੁਧਿਆਣਾ ਸਥਿਤ ਛੇ ਮੈਰੀਟੋਰੀਅਸ ਸਕੂਲਾਂ ਵਿੱਚੋਂ ਕੀਤੀ ਗਈ ਹੈ।
ਇਹ ਪਹਿਲਕਦਮੀ ਐਚ.ਸੀ.ਐਲ. ਦੇ ਟੈਕ ਬੀ ਪ੍ਰੋਗਰਾਮ ਦਾ ਹਿੱਸਾ ਹੈ, ਜੋ 12ਵੀਂ ਜਮਾਤ ਦੇ ਉਨ੍ਹਾਂ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ, ਜੋ ਗਣਿਤ/ਬਿਜ਼ਨਸ ਮੈਥੇਮੈਟਿਕਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੂਚਨਾ ਤਕਨਾਲੋਜੀ (ਆਈ.ਟੀ.) ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ।ਕੈਬਨਿਟ ਮੰਤਰੀ ਨੇ ਐਚ.ਸੀ.ਐਲ ਟੀਮ ਨੂੰ ਇਸ ਰੋਜ਼ਗਾਰ ਗਾਰੰਟੀ ਪ੍ਰੋਗਰਾਮ ਦਾ ਦਾਇਰਾ ਹੋਰ ਸਰਕਾਰੀ ਸਕੂਲਾਂ ਤੱਕ ਵਧਾਉਣ ਲਈ ਵੀ ਕਿਹਾ ਕਿਉਂਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਵਾਸਤੇ ਪੂਰੀ ਤਰ੍ਹਾਂ ਯਤਨਸ਼ੀਲ ਹੈ ਤਾਂ ਜੋ ਉਨ੍ਹਾਂ ਨੂੰ ਨੌਕਰੀਆਂ ਲੈਣ ਵਿੱਚ ਕਿਸੇ ਕਿਸਮ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ -ਕਮ-ਮਿਸ਼ਨ ਡਾਇਰੈਕਟਰ ਪੀ.ਐਸ.ਡੀ.ਐਮ. ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਦੋ ਪੜਾਵਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਪੜਾਅ ਵਿੱਚ ਛੇ-ਮਹੀਨੇ ਦੀ ਕਲਾਸਰੂਮ ਸਿਖਲਾਈ (ਸੀ.ਆਰ.ਟੀ.) ਦਿੱਤੀ ਜਾਂਦੀ ਹੈ, ਜਿਸ ਉਪਰੰਤ 6-ਮਹੀਨੇ ਦੀ ਇੰਟਰਨਸ਼ਿਪ ਹੁੰਦੀ ਹੈ। ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ, ਵਿਦਿਆਰਥੀਆਂ ਨੂੰ ਐਚ.ਸੀ.ਐਲ ਵੱਲੋਂ ਭਰਤੀ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਐਚ.ਸੀ.ਐਲ. ਤੋਂ ਵਿੱਤੀ ਸਹਿਯੋਗ ਨਾਲ ਬੀ.ਆਈ.ਟੀ.ਐਸ. ਪਿਲਾਨੀ, ਅਮਿਟੀ ਯੂਨੀਵਰਸਿਟੀ, ਆਈ.ਆਈ.ਐਮ. ਨਾਗਪੁਰ ਅਤੇ ਸਾਸਤਰਾ (ਐਸ.ਏ.ਐਸ.ਟੀ.ਆਰ.ਏ.) ਯੂਨੀਵਰਸਿਟੀ ਵਰਗੀਆਂ ਨਾਮਵਰ ਯੂਨੀਵਰਸਿਟੀਆਂ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਦਾ ਵੀ ਮੌਕਾ ਮਿਲੇਗਾ।
ਐਚ.ਸੀ.ਐਲ. ਟਰੇਨਿੰਗ ਸਟਾਫ਼ਿੰਗ ਸਰਵਿਸਿਜ਼ ਲਿਮਟਿਡ ਦੇ ਨੁਮਾਇੰਦਿਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਪ੍ਰੋਗਰਾਮ ਪੰਜਾਬ ਦੇ ਨੌਜਵਾਨਾਂ ਲਈ ਅਤਿ-ਆਧੁਨਿਕ ਤਕਨੀਕਾਂ ਦੇ ਖੇਤਰ ਵਿੱਚ ਨਵੇਂ ਮੌਕੇ ਖੋਲ੍ਹੇਗਾ। ਚੁਣੇ ਗਏ ਵਿਦਿਆਰਥੀਆਂ ਨੂੰ ਆਪਣੀ ਇੰਟਰਨਸ਼ਿਪ ਦੌਰਾਨ ਐਚ.ਸੀ.ਐਲ. ਵਿਖੇ ਲਾਈਵ ਪ੍ਰੋਜੈਕਟਾਂ 'ਤੇ ਕੰਮ ਕਰਨ, ਤਕਨੀਕੀ ਮਾਹਰਾਂ ਤੋਂ ਸਿੱਖਿਆ ਅਤੇ ਸੇਧ ਲੈ ਕੇ ਆਪਣੇ ਕਰੀਅਰ ਨੂੰ ਸਫ਼ਲਤਾਪੂਰਵਕ ਅੱਗੇ ਵਧਾਉਣ ਦਾ ਮੌਕਾ ਮਿਲੇਗਾ।ਇਸ ਮੌਕੇ ਹਾਜ਼ਰ ਮੈਰੀਟੋਰੀਅਸ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਚੁਣੇ ਗਏ ਵਿਦਿਆਰਥੀਆਂ ਦੇ ਮਾਪਿਆਂ ਨੇ ਇਹ ਮੌਕਾ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।