ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਅੱਜ ਦੁਧਾਰੂ ਪਸ਼ੂਆਂ ਦੇ ਪ੍ਰਬੰਧਨ ਵਿਸ਼ੇ ’ਤੇ ਇੱਕ ਰੋਜ਼ਾ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਡਾ. ਗੁਰਉਪਦੇਸ਼ ਕੌਰ, ਇੰਚਾਰਜ, ਕੇ.ਵੀ.ਕੇ. ਪਟਿਆਲਾ ਨੇ ਰੋਜ਼ਾਨਾ ਜੀਵਨ ਵਿੱਚ ਜਲਵਾਯੂ ਪਰਿਵਰਤਨ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਣ ਦੇ ਨੁਕਤੇ ਹਾਜ਼ਰੀਨ ਨਾਲ ਸਾਂਝੇ ਕੀਤੇ। ਇਸ ਕੈਂਪ ਵਿੱਚ ਉਚੇਚੇ ਤੌਰ ’ਤੇ ਭਾਗ ਲੈਣ ਲਈ ਪੁੱਜੇ ਡਾ. ਪ੍ਰਭਜੋਤ ਕੌਰ, ਪ੍ਰੋਫੈਸਰ, ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਭਾਗ, ਪੀ.ਏ.ਯੂ., ਲੁਧਿਆਣਾ ਨੇ ਮੌਸਮੀ ਪਰਿਵਰਤਨ ਦੇ ਫ਼ਸਲਾਂ ਉੱਤੇ ਹੋ ਰਹੇ ਅਸਰ ਬਾਰੇ ਜਾਣਕਾਰੀ ਦਿੱਤੀ।
ਇਸੇ ਵਿਭਾਗ ਦੇ ਡਾ. ਸੰਦੀਪ ਸਿੰਘ ਨੇ ਆਏ ਹੋਏ ਕਿਸਾਨਾਂ ਨਾਲ ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਉਤਪਾਦਨ ਤਕਨੀਕਾਂ ਬਾਰੇ ਗੱਲਬਾਤ ਕੀਤੀ। ਇਸ ਕੈਂਪ ਵਿੱਚ ਡਾ. ਜੀਵਨ ਗੁਪਤਾ, ਵੈਟਰਨਰੀ ਅਫ਼ਸਰ, ਪਸ਼ੂ ਪਾਲਣ ਵਿਭਾਗ, ਪਟਿਆਲਾ ਨੇ ਦੁਧਾਰੂ ਪਸ਼ੂਆਂ ਦੇ ਸੁਚੱਜੇ ਅਤੇ ਵਿਗਿਆਨਕ ਪ੍ਰਬੰਧਨ ਬਾਰੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕੇ.ਵੀ.ਕੇ. ਪਟਿਆਲਾ ਦੇ ਮਾਹਿਰਾਂ ਨੇ ਝੋਨੇ ਅਤੇ ਬਾਸਮਤੀ ਵਿੱਚ ਪੌਦ ਸੁਰੱਖਿਆ ਅਤੇ ਦੁੱਧ ਦੀ ਪ੍ਰੋਸੈਸਿੰਗ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਪੰਜਾਹ ਪਸ਼ੂ ਪਾਲਕਾਂ ਨੂੰ ਪਸ਼ੂ ਫੀਡ ਅਤੇ ਸਾਹਿਤ ਆਦਿ ਵੀ ਵੰਡੇ ਗਏ।