ਪੰਜਾਬੀ ਯੂਨੀਵਰਸਿਟੀਆ,ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭੌਤਿਕ ਵਿਗਿਆਨ ਵਿਭਾਗ ਵਿਖੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ ਵੱਲੋਂ ਪ੍ਰਦਾਨ ਕੀਤੀ ਗਈ ਵੱਕਾਰੀ ਰਾਮਾਨੁਜਨ ਫੈਲੋਸਿ਼ਪ ਉੱਤੇ ਡਾ. ਸ਼ੁਭਚਿੰਤਕ ਨੇ ਜੁਆਇਨ ਕਰ ਲਿਆ ਹੈ। ਜਿ਼ਕਰਯੋਗ ਹੈ ਕਿ ਇਹ ਵਿਸ਼ੇਸ਼ ਫੈਲੋਸਿ਼ਪ ਉਨ੍ਹਾਂ ਭਾਰਤੀ ਮੂਲ ਦੇ ਪ੍ਰਤਿਭਾਵਾਨ ਵਿਗਿਆਨੀਆਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ ਜੋ ਵਿਦੇਸ਼ ਵਿੱਚ ਖੋਜ ਕਾਰਜ ਕਰਨ ਤੋਂ ਬਾਅਦ ਵਾਪਸ ਭਾਰਤ ਪਰਤਣਾ ਚਾਹੁੰਦੇ ਹੋਣ। ਪਠਾਨਕੋਟ ਅਧਾਰਿਤ ਪੰਜਾਬੀ ਮੂਲ ਦੇ ਡਾ. ਸ਼ੁਭਚਿੰਤਕ ਆਈ. ਆਈ.ਟੀ. ਰੁੜਕੀ ਤੋਂ ਆਪਣੀ ਪੀ-ਐੱਚ.ਡੀ. ਕਰਨ ਉਪਰੰਤ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਅਗਲੇਰੀ ਖੋਜ ਕਰਨ ਲਈ ਯੂ. ਐੱਸ.ਏ. ਚਲੇ ਗਏ ਸਨ ਜਿੱਥੇ ਉਨ੍ਹਾਂ ਵਿਦੇਸ਼ੀ ਵਿਗਿਆਨੀਆਂ ਨਾਲ਼ ਮਿਲ ਕੇ ਕੰਮ ਕੀਤਾ। ਉਨ੍ਹਾਂ ਵੱਲੋਂ ਕੀਤੇ ਗਏ ਕੰਮ ਤੋਂ ਪ੍ਰਭਾਵਿਤ ਹੋ ਕੇ ਬੈਲਜੀਅਮ ਵਿਖੇ ਉਨ੍ਹਾਂ ਨੂੰ ਖੋਜ ਲਈ ਪੇਸ਼ਕਸ਼ ਹੋਈ ਤਾਂ ਉਹ ਬੈਲਜੀਅਮ ਵਿਖੇ ਚਲੇ ਗਏ ਸਨ। ਇਸ ਉਪਰੰਤ ਉਨ੍ਹਾਂ ਨੂੰ ਯੂਰਪੀ ਯੂਨੀਅਨ ਵੱਲੋਂ ਪ੍ਰਦਾਨ ਕੀਤੀ ਜਾਂਦੀ ਮੇਅਰੀ ਕੁਇਰੀ ਫੈਲੋਸਿ਼ਪ ਵੀ ਪ੍ਰਾਪਤ ਹੋਈ ਜੋ ਕਿ ਵਿਗਿਆਨ ਦੇ ਖੇਤਰ ਦੀ ਬਹੁਤ ਹੀ ਵੱਕਾਰੀ ਫੈਲੋਸਿ਼ਪ ਹੈ। ਡਾ. ਸ਼ੁਭਚਿੰਤਕ ਨੇ ਦੱਸਿਆ ਕਿ ਵਿਦੇਸ਼ ਵਿੱਚ ਲੰਬਾ ਸਮਾਂ ਕੰਮ ਕਰਨ ਉਪਰੰਤ ਉਹ ਹੁਣ ਭਾਰਤ ਪਰਤੇ ਹਨ ਤਾਂ ਉਨ੍ਹਾਂ ਇੱਥੇ ਰਾਮਾਨੁਜਨ ਫੈਲੋਸਿ਼ਪ ਤਹਿਤ ਕੰਮ ਕਰਨ ਲਈ ਪੰਜਾਬੀ ਯੂਨੀਵਰਸਿਟੀ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਨਿਊਕਲੀਅਰ ਭੌਤਿਕ ਵਿਗਿਆਨ ਅਤੇ ਰੇਡੀਏਸ਼ਨ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਚੰਗਾ ਕੰਮ ਹੋਣ ਕਾਰਨ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਨੂੰ ਇਸ ਕਾਰਜ ਹਿਤ ਆਪਣੇ ਲਈ ਇੱਕ ਮੰਚ ਵਜੋਂ ਚੁਣਿਆ ਹੈ। ਜ਼ਿਕਰਯੋਗ ਹੈ ਕਿ ਪ੍ਰਸਿੱਧ ਭਾਰਤੀ ਗਣਿਤ ਵਿਗਿਆਨੀ ਸ੍ਰੀਨਿਵਾਸਾ ਰਾਮਨੁਜਨ ਦੇ ਨਾਮ ਨਾਲ ਜੁੜੀ ਇਹ ਫੈਲੋਸਿ਼ਪ ਪੰਜ ਸਾਲ ਲਈ ਹੈ। ਇਸ ਫੈਲੋਸਿ਼ਪ ਲਈ ਇੱਕ ਕਰੋੜ 19 ਲੱਖ ਰੁਪਏ ਦੀ ਰਾਸ਼ੀ ਭਾਰਤ ਸਰਕਾਰ ਦੇ ਸੰਬੰਧਤ ਵਿਭਾਗ ਵੱਲੋਂ ਜਾਰੀ ਕੀਤੀ ਜਾਣੀ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਸੰਬੰਧੀ ਖੁਸ਼ੀ ਜ਼ਾਹਿਰ ਕਰਦਿਆਂ ਡਾ. ਸ਼ੁਭਚਿੰਤਕ ਨੂੰ ਵਧਾਈ ਦਿੱਤੀ ਅਤੇ ਇਸ ਪ੍ਰਾਪਤੀ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਇੱਕ ਚੰਗਾ ਮੌਕਾ ਦੱਸਿਆ। ਉਨ੍ਹਾਂ ਕਿਹਾ ਕਿ ਡਾ. ਸ਼ੁਭਚਿੰਤਕ ਦੀ ਆਮਦ ਨਾਲ਼ ਵਿਭਾਗ ਦੇ ਅਕਾਦਮਿਕ ਮਾਹੌਲ ਵਿੱਚ ਹੋਰ ਬਿਹਤਰੀ ਅਤੇ ਮਿਆਰ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਅਨੂਪ ਠਾਕੁਰ ਵੱਲੋਂ ਡਾ. ਸ਼ੁਭਚਿੰਤਕ ਦਾ ਸਵਾਗਤ ਕਰਦਿਆਂ ਕਿਹਾ ਕਿ ਪ੍ਰਮਾਣੂ ਭੌਤਿਕ ਵਿਗਿਆਨ ਨੂੰ ਅੱਗੇ ਵਧਾਉਣ ਲਈ ਡਾ. ਸ਼ੁਭਚਿੰਤਕ ਦੀ ਮਿਸਾਲੀ ਸਮਰਥਾ ਅਤੇ ਸਮਰਪਣ ਬਿਨਾਂ ਸ਼ੱਕ ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦੇ ਖੋਜ ਯਤਨਾਂ ਨੂੰ ਸਫਲ ਬਣਾਉਣਗੇ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਗੇ।