ਪਟਿਆਲਾ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੌਜੂਦਾ ਸਾਊਣੀ ਦੇ ਸੀਜ਼ਨ ਦੌਰਾਨ ਪਰਾਲੀ ਪ੍ਰਬੰਧਨ ਕਰਨ ਲਈ ਅੱਜ ਜ਼ਿਲ੍ਹੇ ਦੀਆਂ ਪਰਾਲੀ ਵਰਤਣ ਵਾਲੀਆਂ ਉਦਯੋਗਿਕ ਇਕਾਈਆਂ, ਖੇਤੀਬਾੜੀ ਵਿਭਾਗ, ਸਹਿਕਾਰੀ ਸਭਾਵਾਂ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਪਰਾਲੀ ਪ੍ਰਬੰਧਨ ਲਈ ਉਪਲਬੱਧ ਮਸ਼ੀਨਰੀ ਦੀ ਪੂਰੀ ਸਮਰੱਥਾ ਮੁਤਾਬਕ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਈ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੂਪ੍ਰਿਤਾ ਜੌਹਲ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਇਸ ਵਾਰ 2 ਲੱਖ 30 ਹਜ਼ਾਰ 527 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਪੈਦਾਵਾਰ ਕੀਤੀ ਜਾ ਰਹੀ ਹੈ, ਜਿਸ ਤੋਂ ਤਕਰੀਬਨ 14 ਲੱਖ ਮੀਟਰਿਕ ਟਨ ਪਰਾਲੀ ਪੈਦਾ ਹੋਵੇਗੀ ਅਤੇ ਜਿਸ ਵਿਚੋਂ ਜਿਆਦਾਤਰ ਪਰਾਲੀ ਦਾ ਪ੍ਰਬੰਧਨ ਈਨ ਸੀਟੂ ਅਤੇ ਐਕਸ ਸੀਟੂ ਤਕਨੀਕਾਂ ਨਾਲ ਹੋ ਜਾਂਦਾ ਹੈ ਪਰ ਰਹਿੰਦੀ ਪਰਾਲੀ ਦਾ ਪ੍ਰਬੰਧਨ ਕਰਨ ਲਈ ਹੁਣੇ ਤੋਂ ਹੀ ਰਣਨੀਤੀ ਤਿਆਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਆਪਣੀ ਮੰਗ ਅਤੇ ਕਿਹੜੇ ਪਿੰਡਾਂ ਵਿੱਚੋਂ ਕਿਸ ਇੰਡਸਟਰੀ ਨੇ ਪਰਾਲੀ ਲੈਣੀ ਹੈ ਇਸ ਦਾ ਖਾਕਾ ਹੁਣੇ ਤੋਂ ਤਿਆਰ ਕਰ ਲਿਆ ਜਾਵੇ ਅਤੇ ਪਿੰਡਾਂ ਵਿੱਚ ਜਾਣ ਦੀ ਸਮਾਂ ਸਾਰਣੀ ਵੀ ਤਿਆਰ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਪਹਿਲਾਂ ਹੀ ਜਾਗਰੂਕ ਕੀਤਾ ਜਾ ਸਕੇ। ਸਾਕਸ਼ੀ ਸਾਹਨੀ ਨੇ ਇੰਡਸਟਰੀ ਦੇ ਨੁਮਾਇੰਦਿਆਂ ਨੂੰ ਪਰਾਲੀ ਪ੍ਰਬੰਧਨ ਕਰਨ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਥੇ ਪਰਾਲੀ ਸੰਭਾਲਣ ਦੀ ਜਮੀਨ ਦੀ ਜ਼ਰੂਰਤ ਹੋਵੇਗੀ ਉਸ ਸਬੰਧੀ ਵੀ ਪੰਚਾਇਤ ਵਿਭਾਗ ਵੱਲੋਂ ਲੋੜੀਂਦੇ ਪ੍ਰਬੰਧਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਹੜ੍ਹਾਂ ਕਾਰਨ ਕਿਸਾਨਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ ਤੇ ਇਸ ਲਈ ਪਰਾਲੀ ਪ੍ਰਬੰਧਨ ਸਮੇਂ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣੇ ਤੋਂ ਹੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਡੀ.ਸੀ. ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਜੀਵਨ, ਵਾਤਾਵਰਣ ਤੇ ਧਰਤੀ ਨੂੰ ਸੰਭਾਲਣ ਲਈ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਜਾਂ ਜਮੀਨ ਵਿੱਚ ਹੀ ਵਾਹੁਣ ਲਈ ਆਪਣੀ ਸੋਚ ਬਦਲਣੀ ਪਵੇਗੀ। ਉਨ੍ਹਾਂ ਨੇ ਹਾਜ਼ਰੀਨ ਦੀਆਂ ਮੁਸ਼ਕਿਲਾਂ ਅਤੇ ਸੁਝਾਓ ਵੀ ਜਾਣੇ। ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਗੁਰਨਾਮ ਸਿੰਘ, ਡੀ.ਡੀ.ਪੀ.ਓ. ਅਮਨਦੀਪ ਕੌਰ, ਡੀ.ਆਰ. ਸਹਿਕਾਰੀ ਸੰਭਾਵਾਂ ਸਰਬੇਸ਼ਵਰ ਸਿੰਘ ਮੋਹੀ, ਡੀ.ਆਈ.ਸੀ ਰਵਿੰਦਰ ਸਿੰਘ, ਪ੍ਰਦੂਸ਼ਨ ਰੋਕਥਾਮ ਬੋਰਡ, ਸਹਿਕਾਰੀ ਸਭਾਵਾਂ ਦੇ ਅਧਿਕਾਰੀ ਸਮੇਤ ਵੱਖ ਵੱਖ ਉਦਯੋਗਿਕ ਇਕਾਈਆਂ ਦੇ ਨੁਮਾਇੰਦੇ ਮੌਜੂਦ ਸਨ।