ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ 4 ਦਿਨਾਂ ਵਿੱਚ ਦੂਜੀ ਵਾਰ ਸ਼ੁਤਰਾਣਾ ਦੇ ਧਰਨਾਕਾਰੀ ਕਿਸਾਨਾਂ ਦਾ ਦੌਰਾ ਕੀਤਾ। ਪਟਿਆਲਾ ਦੇ ਸੰਸਦ ਮੈਂਬਰ ਨੇ ਆਪਣੇ ਨਾਲ ਐੱਨ.ਐੱਚ.ਏ.ਆਈ ਦੀ ਵਿਸ਼ੇਸ਼ ਕੇਂਦਰੀ ਟੀਮ ਦੀ ਵੀ ਕਿਸਾਨਾਂ ਨਾਲ ਮੁਲਾਕਾਤ ਕਰਾਈ ਜੋਕਿ ਆਪਣੀ ਮੰਗਾਂ ਦੇ ਹੱਲ ਪਿਛਲੇ ਇੱਕ ਮਹੀਨੇ ਤੋਂ ਰਸੋਲੀ ਰੋਡ, ਸ਼ੁਤਰਾਣਾ ਵਿਖੇ ਧਰਨੇ 'ਤੇ ਬੈਠੇ ਹਨ।
ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ ਕਿ, "ਸ਼ੁਤਰਾਣਾ ਦੇ ਕਿਸਾਨ ਪਿਛਲੇ ਇੱਕ ਮਹੀਨੇ ਤੋਂ ਜੰਮੂ ਕਟੜਾ ਨੈਸ਼ਨਲ ਹਾਈਵੇ ਜੋ ਕਿ ਫਗੋਪੱਤੀ, ਡੇਰਾ ਗੋਬਿੰਦਪੁਰਾ, ਰਸੌਲੀ, ਮਟੌਲੀ ਆਦਿ ਦੇ ਪਿੰਡਾਂ ਵਿੱਚੋਂ ਦੀ ਲੰਘਦਾ ਹੈ, ਦੇ ਨਿਰਮਾਣ ਵਿਰੁੱਧ ਧਰਨਾ ਦੇ ਰਹੇ ਹਨ ਜਿਸ ਨੇ ਪਿਛਲੇ ਮਹੀਨੇ ਤਬਾਹੀ ਮਚਾ ਦਿੱਤੀ ਸੀ ਕਿਉਂਕਿ ਇਸ ਨੇ ਖੇਤਰ ਵਿੱਚ ਘੱਗਰ ਦਰਿਆ ਦੇ ਹੜ੍ਹ ਦੇ ਪਾਣੀ ਨੂੰ ਰੋਕ ਦਿੱਤਾ ਅਤੇ ਖੇਤਾਂ ਨੂੰ ਤਬਾਹ ਕਰ ਦਿੱਤਾ ਸੀ।"
ਉਨ੍ਹਾਂ ਅੱਗੇ ਦੱਸਿਆ, "ਇਲਾਕੇ ਦੇ ਕਿਸਾਨਾਂ ਦੀ ਮੰਗ ਹੈ ਕਿ ਜੰਮੂ ਕਟੜਾ ਨੈਸ਼ਨਲ ਹਾਈਵੇਅ ਰੋਡ ਬੁਰਜੀ ਨੰਬਰ 141 ਤੋਂ 145 ਤੱਕ ਖੰਭਿਆਂ 'ਤੇ ਬਣਾਈ ਜਾਵੇ ਤਾਂ ਜੋ ਭਵਿੱਖ ਵਿੱਚ ਪਾਣੀ ਇਨ੍ਹਾਂ ਵਿੱਚੋਂ ਲੰਘ ਸਕੇ।"
ਪਟਿਆਲਾ ਦੇ ਸੰਸਦ ਮੈਂਬਰ ਨੇ ਦੱਸਿਆ, "ਮੈਂ ਸੰਸਦ ਸੈਸ਼ਨ ਦੌਰਾਨ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਕੋਲ ਉਨ੍ਹਾਂ ਦੀਆਂ ਮੰਗਾਂ ਉਠਾਈਆਂ ਸਨ ਅਤੇ ਉਨ੍ਹਾਂ ਨੇ ਮੈਨੂੰ ਇਨ੍ਹਾਂ ਮੰਗਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਮੰਗਲਵਾਰ ਨੂੰ ਕਿਸਾਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ, ਮੈਂ ਇੱਕ ਵਾਰ ਫਿਰ ਇਹ ਮੁੱਦਾ ਮੰਤਰਾਲੇ ਕੋਲ ਉਠਾਇਆ ਸੀ ਅਤੇ ਅੱਜ ਉਨ੍ਹਾਂ ਨੇ ਇੰਜੀਨੀਅਰਾਂ ਦੀ ਇੱਕ ਵਿਸ਼ੇਸ਼ ਟੀਮ ਨੂੰ ਜ਼ਮੀਨੀ ਤੌਰ 'ਤੇ ਸਾਈਟ ਦਾ ਦੌਰਾ ਕਰਨ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਭੇਜਿਆ ਹੈ।"