ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਨਗਰ ਨਿਗਮਾਂ ‘ਤੇ ਵੀ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ । ਪਹਿਲਾਂ ਕਾਂਗਰਸ ਦੇ ਕੌਂਸਲਰਾਂ ਨੂੰ ਆਪਣੇ ਨਾਲ ਮਿਲਾਇਆ ਅਤੇ ਹੁਣ ਮੋਗਾ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ । ਬਲਜੀਤ ਸਿੰਘ ਚੰਨੀ ਮੋਗਾ ਦੇ ਨਵੇਂ ਮੇਅਰ ਬਣ ਗਏ ਹਨ । ਕੁੱਲ 50 ਕੌਂਸਲਰਾਂ ਵਿੱਚੋਂ ਮੋਗਾ ਨਗਰ ਨਿਗਮ ਦੇ 42 ਕੌਂਸਲਰਾਂ ਨੇ ਬਲਜੀਤ ਸਿੰਘ ਚੰਨੀ ਦੀ ਹਮਾਇਤ ਕੀਤੀ । ਵੋਟਿੰਗ ਦੇ ਦੌਰਾਨ 8 ਕੌਂਸਲਰ ਗੈਰ ਹਾਜ਼ਰ ਰਹੇ । ਜਿਸ ਦੇ ਬਾਅਦ ਚੰਨੀ ਨੂੰ ਬਿਨਾਂ ਵੋਟਿੰਗ ਤੋਂ ਮੇਅਰ ਚੁਣ ਲਿਆ ਗਿਆ ।
ਨਵਾਂ ਮੇਅਰ ਵਾਰਡ ਨੰਬਰ 8 ਤੋਂ ਨਗਰ ਨਿਗਮ ਦਾ ਕੌਂਸਲਰ ਹੈ । 2021 ਦੀਆਂ ਨਿਗਮ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਤੇ ਬਲਜੀਤ ਸਿੰਘ ਚੰਨੀ ਨੇ ਚੋਣ ਜਿੱਤੀ ਸੀ । ਬਲਜੀਤ ਸਿੰਘ ਸਮਾਜ ਸੇਵੀ ਹੈ ਅਤੇ ਗੱਡੀਆਂ ਦੀ ਰਿਪੇਅਰ ਦਾ ਕੰਮ ਕਰਦਾ ਹੈ । ਇਸ ਦੌਰਾਨ ਮਿੰਨੀ ਸਕੱਤਰੇਤ ਵਿੱਚ ਕਰੜੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ । ਨਵੇਂ ਮੇਅਰ ਦੀ ਚੋਣ ਦੇ ਲਈ ਡਵੀਜ਼ਨਲ ਕਮਿਸ਼ਨਰ ਵੀ ਉੱਥੇ ਪਹੁੰਚੇ ।
ਇਸ ਤੋਂ ਪਹਿਲਾਂ 4 ਜੁਲਾਈ ਨੰ ਨਗਰ ਨਿਗਮ ਦੀ ਮੇਅਰ ਨਿਤਿਕਾ ਭੱਲਾ ਨੂੰ ਵਿਧਾਇਕ ਗਰੁੱਪ ਦੇ ਕੌਂਸਲਰਾਂ ਨੇ ਬੇਭਰੋਸਗੀ ਮਤੇ ਨਾਲ ਮੇਅਰ ਦੀ ਕੁਰਸੀ ਤੋਂ ਉਤਾਰ ਦਿੱਤਾ ਸੀ । ਨਿਤਿਕਾ ਭੱਲਾ ਤਕਰੀਬਨ 2 ਸਾਲ ਤੱਕ ਮੇਅਰ ਦੇ ਅਹੁਦੇ ‘ਤੇ ਰਹੀ। ਇਸ ਦੇ ਬਾਅਦ ਸੀਨੀਅਰ ਅਤੇ ਡਿਪਟੀ ਮੇਅਰ ਪ੍ਰਵੀਣ ਸ਼ਰਮਾ ਨੂੰ ਮੇਅਰ ਦਾ ਵਾਧੂ ਚਾਰਜ ਦਿੱਤਾ ਗਿਆ ਸੀ ।