ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੂੰ ਅਗਲੇ ਸਾਲ ਹੋਣ ਵਾਲੀ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਉੱਤੇ ਮੁਬਾਰਕਬਾਦ ਦਿੱਤੀ।ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਵਿੱਚ ਜਿੱਥੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਉੱਤੇ ਪ੍ਰਾਪਤੀਆਂ ਕਰਨ ਉੱਤੇ ਮਾਣ-ਸਨਮਾਨ ਕਰਨਾ ਹੈ ਉਥੇ ਖਿਡਾਰੀਆਂ ਨੂੰ ਕੌਮਾਂਤਰੀ ਮੰਚ ਤੱਕ ਲਿਜਾਣ ਉਤੇ ਜ਼ੋਰ ਦਿੱਤਾ ਗਿਆ ਹੈ।
ਫਰੀਦਕੋਟ ਦੀ ਰਹਿਣ ਵਾਲੀ ਸਿਫ਼ਤ ਕੌਰ ਸਮਰਾ ਨੇ ਬਾਕੂ ਵਿਖੇ ਚੱਲ ਰਹੀ ਆਈ.ਐਸ.ਐਸ.ਐਫ. ਵਿਸ਼ਵ ਚੈੰਪੀਅਨਸ਼ਿਪ ਵਿੱਚ ਮਹਿਲਾਵਾਂ ਦੀ 50 ਮੀਟਰ ਰਾਈਫਲ਼ ਥ੍ਰੀ ਪੁਜ਼ੀਸ਼ਨ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ 589 ਸਕੋਰ ਨਾਲ ਚੌਥਾ ਸਥਾਨ ਹਾਸਲ ਕਰਕੇ ਫ਼ਾਈਨਲ ਲਈ ਕੁਆਲੀਫਾਈ ਕੀਤਾ ਅਤੇ ਓਲੰਪਿਕ ਕੋਟਾ ਹਾਸਲ ਕੀਤਾ।ਮੀਤ ਹੇਅਰ ਨੇ ਸਿਫ਼ਤ ਕੌਰ ਸਮਰਾ ਦੀ ਇਸ ਪ੍ਰਾਪਤੀ ਦਾ ਸਿਹਰਾ ਉਸ ਦੀ ਸਖ਼ਤ ਮਿਹਨਤ ਤੇ ਦ੍ਰਿੜ ਇਰਾਦਿਆਂ ਸਿਰ ਬੰਨ੍ਹਦਿਆਂ ਉਸ ਦੇ ਮਾਪਿਆਂ ਤੇ ਕੋਚ ਨੂੰ ਵੀ ਵਧਾਈ ਦਿੱਤੀ।