ਹੰਗਰੀ ਦੇ ਬੁਡਾਪੇਸਟ ਵਿੱਚ ਹੋਈ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਨੇਜਾ ਸੁੱਟਣ ਦੇ ਮੁਕਾਬਲੇ ਵਿੱਚ ਭਾਰਤੀ ਖਿਡਾਰੀ ਨੀਰਜ ਚੋਪੜਾ ਨੇ 88.17 ਮੀਟਰ ਤੱਕ ਨੇਜਾ ਸੁੱਟ ਕੇ ਸੋਨੇ ਦਾ ਤਮਗਾ ਫੁੰਡ ਲਿਆ ਹੈ। ਬੁਡਾਪੇਸਟ ਵਿੱਚ ਇਹ ਮੁਕਾਬਲੇ 19 ਤੋਂ 27 ਅਗੱਸਤ ਤੱਕ ਹੋਏ। ਜ਼ਿਕਰਯੋਗ ਹੈ ਕਿ ਵਿਸ਼ਵ ਐਥਲੈਟਿਵਸ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਨੀਰਜ ਚੌਪੜਾ ਪਹਿਲੇ ਭਾਰਤੀ ਐਥਲੀਟ ਬਣ ਗਏ ਹਨ। ਇਸ ਤੋਂ ਪਹਿਲਾਂ ਨੀਰਜ ਚੌਪੜਾ ਨੇ ਯੂਜੀਨ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿਤਿਆ ਸੀ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਚਾਂਦੀ ਦਾ ਤਮਗ਼ਾ ਜਿਤਿਆ ਹੈ। ਇਹ ਚੈਂਪੀਅਨਸ਼ਿਪ 1983 ਤੋਂ ਕਰਵਾਈ ਜਾ ਰਹੀ ਹੈ ਅਤੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇਹ ਤੀਜਾ ਤਮਗ਼ਾ ਹੈ।
ਨੀਰਜ ਚੌਪੜਾ ਵੱਲੋਂ ਸਿਰਜੇ ਇਸ ਇਤਿਹਾਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਪ੍ਰਤਿਭਾਸ਼ਾਲੀ ਨੀਰਜ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਉਸ ਦਾ ਸਮਰਪਣ, ਸ਼ੁੱਧਤਾ ਅਤੇ ਜਨੂੰਨ ਉਸ ਨੂੰ ਨਾ ਸਿਰਫ਼ ਐਥਲੈਟਿਕਸ ਵਿੱਚ ਇਕ ਚੈਂਪੀਅਨ ਬਣਾਉਂਦਾ ਹੈ, ਸਗੋਂ ਸਮੁੱਚੇ ਖੇਡ ਜਗਤ ਵਿੱਚ ਉਤਮਤਾ ਦਾ ਪ੍ਰਤੀਕ ਵੀ ਬਣਾਉਂਦਾ ਹੈ।