ਏਸ਼ੀਆ ਕੱਪ ਦਾ ਪਹਿਲਾ ਮੁਕਾਬਲਾ ਨੇਪਾਲ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਰ ਖੇਡਿਆ ਗਿਆ। ਮੈਚ ਵਿੱਚ ਪਾਕਿਸਤਾਨ ਨੇ 238 ਦੌੜਾਂ ਦੇ ਫ਼ਰਕ ਨਾਲ ਸ਼ਾਨਦਾਰ ਜਿੱਤ ਦਰਜ ਕਰ ਕੇ ਰਿਕਾਰਡ ਕਾਇਮ ਕਰ ਦਿੱਤਾ ਹੈ। ਇਸ ਮੈਚ ਵਿੱਚ ਕਪਤਾਨ ਬਾਬਰ ਆਜਮ ਅਤੇ ਇਫ਼ਤਿਖ਼ਾਰ ਅਹਿਮਤ ਨੇ ਸ਼ਾਨਦਾਰ ਸੈਂਕੜੇ ਵੀ ਲਗਾਏ। ਮੁਲਤਾਨ ਵਿੱਚ ਖੇਡੇ ਗਏ ਏਸ਼ੀਆ ਕੱਪ ਦੇ ਪਹਿਲੇ ਮੈਚ ਵਿੱਚ ਨੇਪਾਲ ਦੀ ਟੀਮ ਨੂੰ 343 ਦੌੜਾਂ ਦਾ ਟੀਚਾ ਮਿਲਿਆ ਸੀ ਜਿਸਦੇ ਜਵਾਬ ਵਿੱਚ ਪੂਰੀ ਟੀਮ 23.4 ਓਵਰਾਂ ਵਿੱਚ 104 ਦੌੜਾਂ ’ਤੇ ਪਸਤ ਹੋ ਗਈ। ਸੋਮਪਾਲ ਕਾਮੀ ਨੇ 28, ਆਰਿਫ਼ ਸ਼ੇਖ ਨੇ 26 ਅਤੇ ਗੁਲਸ਼ਨ ਝਾਅ ਨੇ 13 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦਹਾਈ ਦਾ ਅੰਕੜਾ ਛੂਹ ਤੱਕ ਨਾ ਸਕਿਆ। ਪਾਕਿਸਤਾਨ ਲਈ ਲੈੱਗ ਸਪਿਨਰ ਸ਼ਾਦਾਬ ਖ਼ਾਨ ਨੇ 27 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਦਕਿ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਆਫ਼ਰੀਦੀ ਅਤੇ ਹਾਰਿਸ ਰਾਊਫ਼ ਨੇ 2-2 ਵਿਕਟਾਂ ਝਟਕਾਈਆਂ, ਇਸ ਤਰ੍ਹਾਂ ਪਾਕਿਸਤਾਨ ਨੇ ਏਸ਼ੀਆ ਕੱਪ ਵਿੱਚ ਧਮਾਕੇਦਾਰ ਜਿੱਤ ਨਾਲ ਐਂਟਰੀ ਕੀਤੀ। ਜ਼ਿਕਰਯੋਗ ਹੈ ਕਿ ਨੇਪਾਲ ਏਸ਼ੀਆ ਕੱਪ ਵਿੱਚ ਪਹਿਲੀ ਵਾਰ ਖੇਡ ਰਿਹਾ ਹੈ, ਜਦਕਿ ਪਾਕਿਸਤਾਨ ਆਈ.ਸੀ.ਸੀ. ਵਨਡੇ ਰੈਂਕਿੰਗ ਦੀ ਨੰਬਰ 1 ਦੀ ਟੀਮ ਹੈ।