ਪੰਜਾਬ ਕੇਸਰੀ ਗਰੁੱਪ ਦੇ ਬਾਨੀ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਉਨ੍ਹਾਂ ਦੀ 42ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਜਲੰਧਰ ਦੇ ਨੀਵੀਆ ਸਪੋਰਟਸ ਦੇ ਲੈਦਰ ਕੰਪਲੈਕਸ ਸਥਿਤ ਫੈਕਟਰੀ ਵਿਖੇ ਲਾਏ ਜਾ ਰਹੇ ਖ਼ੂਨਦਾਨ ਕੈਂਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਕੈਂਪ ਲਈ ਨੀਵੀਆ ਸਪੋਰਟਸ ਦੇ ਪ੍ਰਬੰਧਕਾਂ ਵੱਲੋਂ ਐੱਸ. ਜੀ. ਐੱਲ. ਹਸਪਤਾਲ ਦੀ ਮੈਡੀਕਲ ਟੀਮ ਦੇ ਨਾਲ-ਨਾਲ ਇਸ ਦੇ ਕਰਮਚਾਰੀਆਂ ਨਾਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤਾਲਮੇਲ ਸੀ ਤੇ ਸੰਸਥਾ ਦੀ ਟੀਮ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਰੁੱਝੀ ਰਹੀ।
ਜ਼ਿਕਰਯੋਗ ਹੈ ਕਿ ਲਾਲਾ ਜਗਤ ਨਾਰਾਇਣ ਜੀ ਦੀ ਯਾਦ ’ਚ ਨੀਵੀਆ ਸਪੋਰਟਸ ’ਚ ਇਹ ਕੈਂਪ ਪਹਿਲੀ ਵਾਰ ਲਾਇਆ ਜਾ ਰਿਹਾ ਹੈ ਅਤੇ ਇਸ ਕੈਂਪ ਨੂੰ ਲੈ ਕੇ ਨੀਵੀਆ ਦਾ ਸਮੁੱਚਾ ਸਟਾਫ਼ ਕਾਫ਼ੀ ਉਤਸ਼ਾਹਿਤ ਹੈ। ਇਹ ਕੈਂਪ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਚੱਲੇਗਾ ਅਤੇ ਨੀਵੀਆ ਸਪੋਰਟਸ ਦੇ ਤਿੰਨੋਂ ਕੈਂਪਸਾਂ ’ਚ ਕੰਮ ਕਰਦੇ ਵਰਕਰ ਇਸ ਦੌਰਾਨ ਖੂਨਦਾਨ ਕਰਕੇ ਲਾਲਾ ਜਗਤ ਨਾਰਾਇਣ ਜੀ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਭੇਟ ਕਰਨਗੇ। ਨੀਵੀਆ ਖੇਡਾਂ ਦੀ ਦੁਨੀਆ ’ਚ ਇਕ ਜਾਣਿਆ-ਪਛਾਣਿਆ ਨਾਮ ਹੈ ਅਤੇ ਜਲੰਧਰ ’ਚ ਸਥਿਤ ਉਨ੍ਹਾਂ ਦੀ ਫੈਕਟਰੀ ’ਚ ਖੇਡਾਂ ਦੇ ਸਾਮਾਨ ਤੋਂ ਇਲਾਵਾ ਉਹ ਫੁੱਟਵੀਅਰ, ਕੱਪੜੇ, ਅਸੈਸਸਰੀਜ਼ ਤੇ ਫਿਟਨੈੱਸ ਨਾਲ ਸਬੰਧਤ ਸਾਮਾਨ ਵੀ ਤਿਆਰ ਕੀਤਾ ਜਾਂਦਾ ਹੈ।
ਖੇਡਾਂ ਦਾ ਸਾਮਾਨ ਬਣਾਉਣ ਵਾਲੇ ਇਸ ਵੱਡੇ ਯੂਨਿਟ ’ਚ ਖੂਨਦਾਨ ਕੈਂਪ ਲਾਉਣ ਨਾਲ ਇੱਥੇ ਕੰਮ ਕਰਨ ਵਾਲੇ ਕਾਮੇ ਖ਼ੂਨਦਾਨ ਵਰਗੇ ਮਹਾਨ ਦਾਨ ਪ੍ਰਤੀ ਜਾਗਰੂਕ ਹੋਣਗੇ। ਦਰਅਸਲ, ਖ਼ੂਨਦਾਨ ਨੂੰ ਲੈ ਕੇ ਲੋਕਾਂ ’ਚ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ ਹਨ, ਜਿਸ ਕਾਰਨ ਲੋਕ ਖ਼ੂਨਦਾਨ ਕਰਨ ਤੋਂ ਕੰਨੀ ਕਤਰਾਉਂਦੇ ਹਨ। ਲੋਕ ਸੋਚਦੇ ਹਨ ਕਿ ਖ਼ੂਨਦਾਨ ਕਰਨ ਨਾਲ ਉਹ ਸਰੀਰਕ ਤੌਰ 'ਤੇ ਕਮਜ਼ੋਰ ਹੋ ਜਾਣਗੇ ਜਦਕਿ ਇਹ ਧਾਰਨਾ ਸਹੀ ਨਹੀਂ ਹੈ। ਮੈਡੀਕਲ ਸਾਇੰਸ ਅਨੁਸਾਰ ਖ਼ੂਨਦਾਨ ਕਰਨ ਤੋਂ ਬਾਅਦ 6 ਤੋਂ 8 ਹਫ਼ਤਿਆਂ ਦੇ ਅੰਦਰ-ਅੰਦਰ ਸੰਪੂਰਨ ਖ਼ੂਨ ਅਤੇ ਖ਼ੂਨ ਦੇ ਸੈੱਲ ਦੋਬਾਰਾ ਪੈਦਾ ਹੋ ਜਾਂਦੇ ਹਨ ਅਤੇ ਇਕ ਸਿਹਤਮੰਦ ਵਿਅਕਤੀ ਨੂੰ ਸਾਲ ’ਚ ਦੋ ਵਾਰ ਖੂਨਦਾਨ ਕਰਨਾ ਚਾਹੀਦਾ ਹੈ।