ਕੱਲ ਤੱਕ ਆਸਮਾਨ ਨੂੰ ਛੂਹਣ ਵਾਲੀ ਟਮਾਟਰ ਦੀਆਂ ਕੀਮਤਾਂ ਹੁਣ ਉਲਟੇ ਮੂੰਹ ਜ਼ਮੀਨ ’ਤੇ ਆ ਡਿੱਗੀਆਂ ਹਨ। ਹੋਲਸੇਲ ਸਬਜ਼ੀ ਤੋਂ ਟਮਾਟਰ ਸਮੇਤ ਸਬਜ਼ੀਆਂ ਦੀਆਂ ਕੀਮਤਾਂ ਨੂੰ ਲੈ ਕੇ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਕੱਲ ਤੱਕ ਕੀਮਤਾਂ ਦਾ ਦੋਹਰਾ ਸੈਂਕੜਾ ਜੜਨ ਵਾਲਾ ਟਮਾਟਰ ਹੁਣ ਜਿੱਥੇ 200 ਰੁਪਏ ਤੋਂ ਲੁੜਕ ਕੇ 15 ਤੋਂ 20 ਰੁਪਏ ਕਿਲੋ ’ਤੇ ਅਟਕਿਆ ਹੋਇਆ ਹੈ, ਉੱਥੇ ਗੋਭੀ ਸਮੇਤ ਹੋਰ ਕਈ ਸਬਜ਼ੀਆਂ ਵੀ ਪਹਿਲਾਂ ਦੇ ਮੁਕਾਬਲੇ ਬਹੁਤ ਸਸਤੀਆਂ ਹੋ ਚੁੱਕੀਆਂ ਹਨ। ਫੁੱਲ ਗੋਭੀ ਜੋ ਕਿ ਮੌਜੂਦਾ ਹਫਤੇ ਦੇ ਸ਼ੁਰੂਆਤੀ ਦੌਰ ’ਚ 100 ਰੁਪਏ ਕਿਲੋ ਦਾ ਅੰਕੜਾ ਛੂਹ ਰਹੀ ਸੀ, ਹੁਣ 20 ਤੋਂ 25 ਰੁਪਏ ਕਿਲੋ ਤੱਕ ਰਹਿ ਗਈ ਹੈ।
ਸਬਜ਼ੀਆਂ ਦੀ ਕੀਮਤਾਂ ਨੂੰ ਲੈ ਕੇ ਹੋਏ ਵੱਡੇ ਬਦਲਾਅ ਕਾਰਨ ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ, ਕਾਰੋਬਾਰੀ ਵਰਗ ਅਤੇ ਟਰੇਡ ਨਾਲ ਜੁੜੇ ਦੁਕਾਨਦਾਰ ਚਿੰਤਾ ਦੇ ਮਾਹੌਲ 'ਚ ਹਨ ਕਿਉਂਕਿ ਕੁਝ ਸਮਾਂ ਪਹਿਲਾਂ ਤੱਕ ਦੋਹਰਾ ਸੈਂਕੜਾ ਕਰ ਚੁੱਕੇ ਟਮਾਟਰ ਸਮੇਤ ਗੋਭੀ, ਅਦਰਕ, ਮਟਰ, ਲਸਣ ਅਤੇ ਸ਼ਿਮਲਾ ਮਿਰਚ ਆਦਿ ਦੀਆਂ ਕੀਮਤਾਂ ਹੁਣ ਰਾਤੋ-ਰਾਤ ਵਾਪਸ ਪੱਟੜੀ ’ਤੇ ਮੁੜ ਆਈਆਂ ਹਨ, ਜਦਕਿ ਇਸ ਦੌਰਾਨ ਜੋ ਅਹਿਮ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਹੋਲਸੇਲ ਸਬਜ਼ੀ ਮੰਡੀ ’ਚ ਸਬਜ਼ੀਆਂ ਦੀ ਆਮਦ ’ਚ ਭਾਰੀ ਵਾਧਾ ਹੋਇਆ ਹੈ, ਜਦਕਿ ਮਾਲ ਦੀ ਡਿਮਾਂਡ ਦਾ ਗ੍ਰਾਫ ਹੇਠਾਂ ਜਾ ਡਿੱਗਿਆ ਹੈ।
ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਆਹੁਦੇਦਾਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ’ਚ ਆਏ ਹੜ੍ਹ ਕਾਰਨ ਹਿਮਾਚਲ ਦੀਆਂ ਸੜਕਾਂ ਦਾ ਸੰਪਰਕ ਗੁਆਂਢੀ ਸੂਬਿਆਂ ਤੋਂ ਪੂਰੀ ਤਰ੍ਹਾਂ ਟੁੱਟ ਗਿਆ ਸੀ, ਜਿਸ ਕਾਰਨ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀਆਂ ਸਬਜ਼ੀਆਂ ਤੇ ਫ਼ਲ-ਫਰੂਟ ਦੀ ਪੂਰੀ ਸਪਲਾਈ ਪੰਜਾਬ ਦੀਆਂ ਸਬਜ਼ੀ ਮੰਡੀਆਂ ਨਹੀਂ ਪਹੁੰਚ ਰਹੀ ਸੀ। ਇਸ ਦੌਰਾਨ ਸਬਜ਼ੀਆਂ ਦੀ ਭਾਰੀ ਕਿੱਲਤ ਪੈਦਾ ਹੋਣ ਨਾਲ ਸਬਜ਼ੀਆਂ ਦੀ ਡਿਮਾਂਡ ਅਤੇ ਕੀਮਤਾਂ ਦੋਵਾਂ 'ਚ ਭਾਰੀ ਉਛਾਲ ਆ ਗਿਆ ਸੀ, ਜਦਕਿ ਮੌਜੂਦਾ ਸਮੇਂ ਦੌਰਾਨ ਹਿਮਾਚਲ ਅਤੇ ਪੰਜਾਬ ਦੀਆਂ ਸੜਕਾਂ ਦੇ ਵਿਚਕਾਰ ਇਕ ਵਾਰ ਫਿਰ ਤੋਂ ਰਾਬਤਾ ਕਾਇਮ ਹੋਣ ਕਾਰਨ ਮਹਾਨਗਰ ਦੀ ਹੋਲਸੇਲ ਸਬਜ਼ੀ ਮੰਡੀ ’ਚ ਸਬਜ਼ੀਆਂ ਅਤੇ ਫ਼ਲ-ਫਰੂਟ ਦੀ ਸਪਲਾਈ ਖੁੱਲ੍ਹ ਕੇ ਪੁੱਜ ਰਹੀ ਹੈ।