ਕੁਰਾਲੀ : ਅੱਜ ਇੱਥੇ ਕੁਰਾਲੀ ਦੀ ਬਾਰਾ ਮੰਦਿਰ ਨਦੀ ਦਾ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਐਸੱ.ਐਸੱ. ਆਹਲੂਵਾਲੀਆ ਨੇ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਤੌਰ ਤੇ ਦੌਰਾ ਕੀਤਾ।
ਇਸ ਮੌਕੇ ਡਾ. ਐਸੱ.ਐਸੱ. ਆਹਲੂਵਾਲੀਆ ਨੇ ਪਿਛਲੇ ਦਿਨੀਂ ਨਦੀ ਵਿੱਚ ਬਰਸਾਤ ਦੇ ਜ਼ਿਆਦਾ ਪਾਣੀ ਨੂੰ ਨਾ ਸੰਭਾਲ ਸਕਣ ਦੇ ਕਾਰਨਾਂ ਨੂੰ ਜਾਣਿਆ। ਉਨ੍ਹਾਂ ਨੇ ਇਸ ਮੌਕੇ ਉਤੇ ਕਿਹਾ ਕਿ ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਦੇ ਨਾਲ ਮੀਟਿੰਗ ਕਰਕੇ ਨਦੀ ਦੇ ਵਹਾਅ ਨੂੰ ਠੀਕ ਕਰਵਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਸਰਕਾਰੀ ਅਮਲੇ ਵਲੋਂ ਨਦੀ ਦੇ ਵਿੱਚ ਕਾਫ਼ੀ ਕੰਮ ਕੀਤਾ ਗਿਆ ਹੈ।
ਉਨ੍ਹਾਂ ਨੇ ਅੱਗੇ ਕਿਹਾ ਨਦੀ ਦਾ ਬਰਸਾਤੀ ਪਾਣੀ ਨੂੰ ਨਾ ਸੰਭਾਲ ਸਕਣ ਦਾ ਮੁੱਖ ਕਾਰਨ, ਨਦੀ ਦੇ ਵਿੱਚ ਗੈਰ ਕਨੂੰਨੀ ਉਸਾਰੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਉਨ੍ਹਾਂ ਸਾਰੀਆਂ ਗੈਰ ਕਨੂੰਨੀ ਉਸਾਰੀਆਂ ਤੇ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ, ਜਿਨ੍ਹਾਂ ਨੇ ਨਦੀ ਦੇ ਵਹਾਅ ਵਿੱਚ ਰੁਕਾਵਟ ਪਾ ਕੇ ਲੋਕਾਂ ਦਾ ਨੁਕਸਾਨ ਕੀਤਾ ਹੈ।
ਇਸ ਮੌਕੇ ਉਤੇ ਉਨ੍ਹਾਂ ਨੇ ਪ੍ਰਭ ਆਸਰਾ ਸੰਸਥਾ ਵਲੋਂ ਨਦੀ ਦੇ ਵਹਾਅ ਨੂੰ ਸਹੀ ਕਰਨ ਵਿੱਚ ਕੀਤੀ ਜਾ ਰਹੀ ਸੇਵਾ ਦੇ ਲਈ ਸੰਸਥਾਂ ਦੀ ਸਰਾਹਨਾਂ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਿਨ ਰਾਤ ਲੋਕਾਂ ਦੀ ਭਲਾਈ ਦੇ ਕੰਮ ਕਰ ਰਹੀ ਹੈ। ਪਿਛਲੀ ਦਿਨੀਂ ਪੰਜਾਬ ਵਿੱਚ ਆਏ ਹੜਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਛੇਤੀ ਹੀ ਲੋਕਾਂ ਕੋਲ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਭਾਈ ਸ਼ਮਸ਼ੇਰ ਸਿੰਘ ਮੁੱਖ ਸੇਵਾਦਾਰ ਪ੍ਰਭ ਆਸਰਾ ਪਡਿਆਲਾ, ਜਗਦੇਵ ਸਿੰਘ ਮਲੋਆ ਸਮੇਤ ਇਲਾਕੇ ਦੇ ਮੋਹਤਬਰ ਹਾਜ਼ਰ ਸਨ।