ਵਿਦਿਆਰਥੀਆਂ ਨੂੰ ਜ਼ੰਕ ਫੂਡ ਦੇ ਨੁਕਸਾਨ ਨਾਲ ਕਰਵਾਇਆ ਜਾਣੂ
ਕੁਰਾਲੀ : ਬਰੁੱਕਫੀਲਡ ਇੰਟਰਨੈਸ਼ਨਲ ਸਕੂਲ, ਨਿਊ ਚੰਡੀਗੜ੍ਹ ਰੋਡ, ਕੁਰਾਲੀ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤੇ ਨੂੰ ਸਮਰਪਿਤ ਕੈਂਪਸ ਵਿਚ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਤੰਦਰੁਸਤੀ ਭਰੀ ਜ਼ਿੰਦਗੀ ਨਾਲ ਜਾਣੂ ਕਰਾਉਣ ਦੇ ਮੰਤਵ ਨਾਲ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਫਲਾਂ ਅਤੇ ਸਬਜ਼ੀਆਂ ਦੇ ਗੁਣਾਂ ਨਾਲ ਜਾਣੂ ਕਰਾਉਦੇਂ ਹੋਏ ਜੰਕ ਫੂਡ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨ ਸਬੰਧੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਡਾ: ਤਜਿੰਦਰ ਕੌਰ ਅਤੇ ਡਾ: ਸਾਹਿਬਾ ਅਗਰਵਾਲ ਮੁੱਖ ਸਪੀਕਰ ਨੇ ਉਦੇਸ਼ ਮਾਤਾ-ਪਿਤਾ ਅਤੇ ਉਨ੍ਹਾਂ ਦੇ ਬੱਚਿਆਂ ਵਿਚਕਾਰ ਖੁੱਲ੍ਹੇ ਸੰਚਾਰ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਬੱਚਿਆਂ ਦੀ ਉਮਰ ਵਿਚ ਆਉਣ ਵਾਲੇ ਬਦਲਾਵਾਂ, ਮਾਹਵਾਰੀ, ਅਤੇ ਪੋਸ਼ਣ ਸੰਬੰਧੀ ਸਿਹਤ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨ ਦੇ ਵਿਸ਼ਿਆਂ ਤੇ ਚਰਚਾ ਕੀਤੀ।
ਇਸ ਤੋਂ ਪਹਿਲਾਂ ਕੈਂਪਸ ਵਿਚ ਚੱਲ ਰਹੇ ਕੌਮੀ ਪੋਸ਼ਣ ਹਫ਼ਤੇ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਜ਼ਿੰਦਗੀ ਜਿਊਣ ਦੇ ਗੁਰ ਸਮਝਾਉਂਦੇ ਹੋਏ ਦੱਸਿਆ ਕਿ ਜੰਕ ਅਤੇ ਫਾਸਟ ਫੂਡ ਜਿੱਥੇ ਸਰੀਰ ਦੀ ਪਾਚਨ ਸ਼ਕਤੀ ਨੂੰ ਘਟਾਉਦੇਂ ਹਨ ਉੱਥੇ ਹੀ ਸਰੀਰ ਨੂੰ ਕਪੋਸ਼ਣ ਵੱਲ ਵੀ ਲੈ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਅਪਣਾਉਣ ਲਈ ਪ੍ਰੇਰਨਾ ਦਿੰਦੇ ਹੋਏ ਚੰਗੀ ਸਿਹਤ ਲਈ ਵਧੀਆ ਅਤੇ ਸਹੀ ਤਰੀਕੇ ਨਾਲ ਨੀਂਦ ਲੈਣ ਬਾਰੇ ਵੀ ਦੱਸਿਆ। ਇਸ ਸੈਮੀਨਾਰ ਵਿਚ ਵੀ ਮਾਪਿਆਂ ਤੇ ਵਿਦਿਆਰਥੀਆਂ ਨੇ ਕਈ ਸਵਾਲ ਵੀ ਪੁੱਛੇ ਜਿਨ੍ਹਾਂ ਦਾ ਡਾਕਟਰਾਂ ਵੱਲੋਂ ਮੌਕੇ ਤੇ ਬਹੁਤ ਵਧੀਆਂ ਢੰਗ ਨਾਲ ਜਵਾਬ ਦਿੰਦੇ ਹੋਏ ਵਿਦਿਆਰਥੀਆਂ ਨੂੰ ਚੰਗੀ ਸਿਹਤ ਦੇ ਗੁਣ ਦੱਸੇ ।
ਸਕੂਲ ਦੇ ਡਾਇਰੈਕਟਰ ਮਾਨਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਜ਼ਿੰਦਗੀ ਦੇ ਰਾਜ ਸਮਝਾਉਂਦੇ ਹੋਏ ਦੱਸਿਆ ਕਿ ਇਕ ਬਿਮਾਰ ਇਨਸਾਨ ਕਦੀ ਵੀ ਸਾਫ਼ ਸੁਥਰੇ ਸਮਾਜ ਦੀ ਕਲਪਨਾ ਨਹੀਂ ਕਰ ਸਕਦਾ ਅਤੇ ਅੱਜ ਦੀ ਦੌੜ ਭੱਜ ਅਤੇ ਪ੍ਰੇਸ਼ਾਨੀ ਭਰੀ ਜ਼ਿੰਦਗੀ ਦੇ ਵੱਸ ਪੈ ਕੇ ਆਮ ਆਦਮੀ ਫਾਸਟ 'ਤੇ ਜੰਕ ਫੂਡ ਦਾ ਆਦਿ ਹੁੰਦਾ ਜਾ ਰਿਹਾ ਹੈ ਇਸ ਲਈ ਸਾਰਿਆਂ ਨੂੰ ਰੋਜ਼ਾਨਾ ਖ਼ੁਰਾਕ 'ਚ ਫਲ,ਹਰੀਆਂ ਸਬਜ਼ੀਆਂ ਅਤੇ ਦੁੱਧ-ਦਹੀ ਲੈਣਾ ਚਾਹੀਦਾ ਹੈ ।
ਡਾ: ਤਜਿੰਦਰ ਕੌਰ ਅਤੇ ਡਾ: ਸਾਹਿਬਾ ਅਗਰਵਾਲ ਨੇ ਹਾਜ਼ਰ ਮਾਪਿਆਂ ਅਤੇ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਬਾਹਰੀ ਖੇਡਾਂ ਦੇ ਨਾਲ-ਨਾਲ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਉਸ ਦੇ ਅਨੁਸਾਰ ਉੱਚ ਫਾਈਬਰ ਵਾਲੇ ਭੋਜਨ, ਜਿਵੇਂ ਕਿ ਫਲ ਅਤੇ ਸਬਜ਼ੀਆਂ, ਪਾਚਨ ਪ੍ਰਣਾਲੀ ਨੂੰ ਸਹੀ ਢੰਗ ਨਾਲ ਕੰਮ ਕਰਨ ਵਿਚ ਮਦਦ ਕਰਦੇ ਹਨ। ਇੱਕ ਦਿਨ ਵਿਚ ਫਲ ਅਤੇ ਸਬਜ਼ੀਆਂ ਦੇ ਪੰਜ ਹਿੱਸੇ ਬਿਮਾਰੀਆਂ ਨੂੰ ਦੂਰ ਰੱਖਣ ਅਤੇ ਲੰਬੇ ਸਮੇਂ ਤੱਕ ਜਿਊਂਣ ਵਿਚ ਮਦਦ ਕਰਨ ਲਈ ਕਾਫ਼ੀ ਹਨ। ਉਨ੍ਹਾਂ ਅੱਗੇ ਕਿਹਾ ਕਿ ਜੀਵਨ ਵਿਚ ਸਿਹਤਮੰਦ ਤਬਦੀਲੀ ਲਈ ਬੱਚਿਆਂ ਨੂੰ ਭੋਜਨ ਦੀ ਮਹੱਤਤਾ ਦੇਣ ਦਾ ਸਮਾਂ ਆ ਗਿਆ ਹੈ।