ਅਗਲੇ ਮਹੀਨੇ ਕ੍ਰਿਕਟ ਜਗਤ ਦਾ ਸਭ ਤੋਂ ਵੱਡਾ ਟੂਰਨਾਮੈਂਟ ਮੰਨਿਆ ਜਾਂਦਾ World Cup ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ। ਅੱਜ ਵਿਸ਼ਵ ਕੱਪ 2023 ਲਈ ਭਾਰਤੀ ਟੀਮ ਦਾ ਐਲਾਨ ਕੀਤਾ ਜਾਵੇਗਾ। BCCI ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ।
ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ ਮੰਗਲਵਾਰ (5 ਸਤੰਬਰ) ਨੂੰ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁੱਖ ਚੋਣਕਾਰਾਂ ਨੇ ਖਿਡਾਰੀਆਂ ਦੀ ਸੂਚੀ ਤਿਆਰ ਕੀਤੀ ਹੈ। ਟੀਮ ਦਾ ਐਲਾਨ ਦੁਪਹਿਰ 1:30 ਵਜੇ ਕੀਤਾ ਜਾ ਸਕਦਾ ਹੈ। ਇਸ ਦੌਰਾਨ ਮੁੱਖ ਚੋਣਕਾਰ ਅਜੀਤ ਅਗਰਕਰ ਨੂੰ ਪ੍ਰੈੱਸ ਕਾਨਫਰੰਸ ਵਿਚ ਦੇਖਿਆ ਜਾ ਸਕਦਾ ਹੈ।
ਟੀਮਾਂ ਦਾ ਐਲਾਨ ਕਰਨ ਦੀ ਅੱਜ ਆਖ਼ਰੀ ਤਾਰੀਖ਼
ਆਈ.ਸੀ.ਸੀ. ਦੇ ਨਿਯਮਾਂ ਮੁਤਾਬਕ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੇ ਸਾਰੇ ਦੇਸ਼ਾਂ ਨੂੰ 5 ਸਤੰਬਰ ਤਕ ਆਪਣੀ ਸ਼ੁਰੂਆਤੀ ਟੀਮ ਦਾ ਐਲਾਨ ਕਰਨਾ ਲਾਜ਼ਮੀ ਹੈ। ਟੀਮ 'ਚ 27 ਸਤੰਬਰ ਤਕ ਬਦਲਾਅ ਕੀਤੇ ਜਾ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਏਸ਼ੀਆ ਕੱਪ 2023 'ਚ ਭਾਰਤ-ਪਾਕਿਸਤਾਨ ਮੈਚ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ, ਕੋਚ ਰਾਹੁਲ ਦ੍ਰਾਵਿੜ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਵਿਚਾਲੇ ਮੀਟਿੰਗ ਹੋਈ। ਇਸ ਮੀਟਿੰਗ ਵਿਚ ਟੀਮ ਦਾ ਫ਼ੈਸਲਾ ਕਰ ਲਿਆ ਗਿਆ ਤੇ ਹੁਣ ਟੀਮ ਵਿਚ ਚੁਣੇ ਗਏ ਖਿਡਾਰੀਆਂ ਦੇ ਨਾਵਾਂ ਦਾ ਅਧਿਕਾਰਤ ਐਲਾਨ ਕੀਤਾ ਜਾਵੇਗਾ।
ਸੋਮਵਾਰ ਰਾਤ ਏਸ਼ੀਆ ਕੱਪ 'ਚ ਨੇਪਾਲ ਦੇ ਖ਼ਿਲਾਫ਼ ਮੈਚ ਤੋਂ ਬਾਅਦ ਰੋਹਿਤ ਸ਼ਰਮਾ ਤੋਂ ਵਿਸ਼ਵ ਕੱਪ ਟੀਮ ਨੂੰ ਲੈ ਕੇ ਸਵਾਲ ਪੁੱਛਿਆ ਗਿਆ। ਜਦੋਂ ਕੁਮੈਂਟੇਟਰ ਸੰਜੇ ਮਾਂਜਰੇਕਰ ਨੇ ਟੀਮ ਬਾਰੇ ਪੁੱਛਿਆ ਤਾਂ ਭਾਰਤੀ ਕਪਤਾਨ ਨੇ ਕਿਹਾ, ''ਜਦੋਂ ਅਸੀਂ ਏਸ਼ੀਆ ਕੱਪ ਖੇਡਣ ਆਏ ਸੀ ਤਾਂ ਸਾਨੂੰ ਪਤਾ ਸੀ ਕਿ ਵਿਸ਼ਵ ਕੱਪ ਲਈ 15 ਮੈਂਬਰੀ ਟੀਮ 'ਚ ਕੌਣ ਹੋਵੇਗਾ। ਸਾਨੂੰ ਪਤਾ ਸੀ ਕਿ ਏਸ਼ੀਆ ਕੱਪ ਦੇ ਦੋ ਮੈਚ ਸਭ ਕੁਝ ਸਾਫ਼ ਨਹੀਂ ਕਰਨਗੇ ਕਿਉਂਕਿ ਟੀਮ ਚੋਣ ਤੋਂ ਪਹਿਲਾਂ ਸਾਡੇ ਕੋਲ ਸਿਰਫ਼ ਦੋ ਮੈਚ ਹੀ ਸਨ।"