ਮੌਸਮ ਵਿਭਾਗ ਨੇ 7 ਸਤੰਬਰ ਅਤੇ ਭਲਕੇ 8 ਸਤੰਬਰ ਨੂੰ 19 ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 9 ਅਤੇ 10 ਸਤੰਬਰ ਨੂੰ 14 ਰਾਜਾਂ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗੱਸਤ ਵਿੱਚ ਇਸ ਵਾਰ ਸੱਭ ਤੋਂ ਘੱਟ ਮੀਂਹ ਪਏ ਹਨ। ਮੌਸਮ ਵਿਭਾਗ ਦੇ ਮਾਹਿਰਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਸਤੰਬਰ ਮਹੀਨੇ ਵਿੱਚ ਮੀਂਹ ਦੀ ਘਾਟ ਪੂਰੀ ਹੋ ਜਾਵੇਗੀ। ਮਾਹਿਰਾਂ ਨੇ ਆਪਣੀਆਂ ਭਵਿੱਖਬਾਣੀਆਂ ਵਿਚ 4 ਸਤੰਬਰ ਤੋਂ ਬਾਅਦ ਮੀਂਹ ਵੱਧਣ ਦਾ ਗੱਲ ਕੀਤੀ ਸੀ।
ਮੌਸਮ ਵਿਭਾਗ ਅਨੁਸਾਰ 4 ਸਤੰਬਰ ਰਾਜਧਾਨੀ ਦਾ ਸੱਭ ਤੋਂ ਵੱਧ ਗਰਮ ਦਿਨ ਮੰਨਿਆ ਗਿਆ ਸੀ। ਮੌਸਮ ਵਿਭਾਗ ਨੇ ਰਾਜਸਥਾਨ ਦੇ 5 ਜ਼ਿਲਿ੍ਹਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿੱਚ ਪਏ ਮੀਂਹਾਂ ਕਾਰਨ ਅਤੇ ਆਏ ਹੜ੍ਹਾਂ ਕਾਰਨ ਪੰਜਾਬ ਦਾ ਕਿਸਾਨ ਬੁਰੀ ਤਰ੍ਹਾਂ ਝੰਬਿਆ ਪਿਆ ਹੈ। ਜਦੋਂ ਮੌਸਮ ਵਿਭਾਗ ਵੱਲੋਂ ਅਜਿਹੀਆਂ ਭਵਿੱਖਬਾਣੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਕਿਸਾਨਾਂ ਦੀ ਰੂਹ ਕੰਬ ਜਾਂਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਝਾਰਖੰਡ, ਬਿਹਾਰ, ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਮੀਂਹ ਦੀ ਚਿਤਾਵਨੀ ਹੈ। ਇਸ ਤੋਂ ਇਲਾਵਾ ਪ੍ਰਾਪਤ ਹੋਈਆਂ ਤਾਜ਼ਾ ਖ਼ਬਰਾਂ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਨਿਊਗਲਸਰੀ ਵਿੱਚ ਅੱਜ ਦੁਪਹਿਰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ ਜਿਸ ਕਾਰਨ ਸੇਬਾਂ ਦੇ ਲੱਦੇ ਦੋ ਟਰੱਕ ਨੁਕਸਾਨੇ ਗਏ ਹਨ ਅਤੇ ਡਰਾਈਵਰਾਂ ਨੇ ਬਹੁਤ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਹੈ ਪਰ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।