ਅਮਲੋਹ, ਫ਼ਤਹਿਗੜ੍ਹ ਸਾਹਿਬ : ਪੰਜਾਬ ਦੇ ਲੋਕਾਂ ਦਾ ਖੇਡਾਂ ਨਾਲ ਬਹੁਤ ਨੇੜਲਾ ਰਿਸ਼ਤਾ ਰਿਹਾ ਹੈ ਅਤੇ ਮੌਜੂਦਾ ਪੰਜਾਬ ਸਰਕਾਰ ਨੇ ਖੇਡ ਸੱਭਿਆਚਾਰ ਨੂੰ ਮੁੜ ਤੋਂ ਸੁਰਜੀਤ ਕਰਕੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਮਲੋਹ ਦੇ ਵਿਧਾਇਕ ਸ਼੍ਰੀ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਅਮਲੋਹ ਬਲਾਕ ਦੀਆਂ ਕਰਵਾਈਆਂ ਜਾ ਰਹੀਆਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਸਿਹਤ ਲਈ ਬਹੁਤ ਜਰੂਰੀ ਹਨ ਕਿਉਂਕਿ ਖੇਡਾਂ ਨਾਲ ਜੁੜ ਕੇ ਸਾਡੇ ਨੌਜਵਾਨ ਜਿਥੇ ਸਰੀਰਕ ਤੌਰ ਤੇ ਤੰਦਰੁਸਤ ਰਹਿੰਦੇ ਹਨ ਉਥੇ ਹੀ ਮਾਨਸਿਕ ਪੱਧਰ ਤੇ ਵੀ ਖਿਡਾਰੀ ਕਾਫੀ ਮਜਬੂਤ ਹੁੰਦੇ ਹਨ।
ਵੱਖ-ਵੱਖ ਅੱਠ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ
ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਕੁਲਦੀਪ ਚੁੱਘ ਨੇ ਦੱਸਿਆ ਕਿ ਬਲਾਕ ਅਮਲੋਹ ਦੀਆਂ ਬਲਾਕ ਪੱਧਰੀ ਖੇਡਾਂ ਵਿੱਚ ਵੱਖ-ਵੱਖ ਅੱਠ ਖੇਡਾਂ ਐਥਲੈਟਿਕਸ, ਵਾਲੀਬਾਲ (ਸ਼ੂਟਿੰਗ ਤੇ ਸਮੈਸਿੰਗ) ਰੱਸਾ-ਕੰਸੀ, ਫੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ) ਕਬੱਡੀ (ਸਰਕਲ ਸਟਾਇਲ) ਅਤੇ ਖੋਹ-ਖੋਹ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੜਕਿਆਂ ਦੇ 17 ਸਾਲ ਉਮਰ ਵਰਗ ਦੇ ਖੋਹ-ਖੋਹ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ (ਲੜਕੇ) ਦੀ ਟੀਮ ਨੇ ਖਾਲਸਾ ਸਕੂਲ ਮੰਡੀ ਗੋਬਿੰਦਗੜ੍ਹ ਦੀ ਟੀਮ ਨੂੰ 14-7 ਦੇ ਫਰਕ ਨਾਲ ਹਰਾਇਆ ਜਦੋਂ ਕਿ ਲੜਕਿਆਂ ਦੇ 14 ਸਾਲ ਉਮਰ ਵਰਗ ਦੇ ਖੋਹ-ਖੋਹ ਮੁਕਾਬਲੇ ਵਿੱਚ ਐੱਸ.ਐੱਨ.ਐੱਸ. ਆਰੀਆ ਸਕੂਲ ਮੰਡੀ ਗੋਬਿੰਦਗੜ੍ਹ ਦੀ ਟੀਮ ਨੇ ਬੁੱਗਾ ਕਲਾਂ ਦੀ ਟੀਮ ਨੂੰ 6-4 ਦੇ ਫਰਕ ਨਾਲ ਹਰਾਇਆ।
ਲੜਕਿਆਂ ਦੇ ਨੈਸ਼ਨਲ ਸਟਾਇਲ ਕਬੱਡੀ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੀ ਟੀਮ ਜੇਤੂ
ਲੜਕਿਆਂ ਦੇ 14 ਸਾਲ ਉਮਰ ਵਰਗ ਦੇ ਨੈਸ਼ਨਲ ਸਟਾਇਲ ਕਬੱਡੀ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੀ ਟੀਮ ਜੇਤੂ ਰਹੀ ਜਦੋਂ ਕਿ ਸੰਤ ਫਰੀਦ ਸਕੂਲ ਮੰਡੀ ਗੋਬਿੰਦਗੜ੍ਹ ਦੀ ਟੀਮ ਦੂਜੇ ਨੰਬਰ ਤੇ ਰਹੀ। ਇਸੇ ਤਰ੍ਹਾਂ 17 ਸਾਲ ਉਮਰ ਵਰਗ ਦੇ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲਾਣਾ ਦੀ ਟੀਮ ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਦੀ ਟੀਮ ਦੂਜੇ ਸਥਾਨ ਤੇ ਰਹੀ। ਜਦੋਂ ਕਿ ਲੜਕਿਆਂ ਦ 20 ਸਾਲ ਉਮਰ ਵਰਗ ਦੇ ਨੈਸ਼ਨਲ ਸਟਾਇਲ ਕਬੱਡੀ ਮੁਕਾਬਲੇ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੀ ਟੀਮ ਪਹਿਲੇ ਅਤੇ ਅੰਬੇਮਾਜਰਾ ਦੀ ਟੀਮ ਦੂਜ਼ੇ ਸਥਾਨ ਤੇ ਰਹੀ।
800 ਮੀਟਰ ਰੇਸ ਵਿੱਚ ਗੁਰਲੀਨ ਕੌਰ ਪਹਿਲੇ ਸਥਾਨ ਤੇ
ਲੜਕੀਆਂ ਦੇ 17 ਸਾਲ ਉਮਰ ਵਰਗ ਦੀ 800 ਮੀਟਰ ਰੇਸ ਵਿੱਚ ਗੁਰਲੀਨ ਕੌਰ ਪਹਿਲੇ, ਤਾਨਵੀ ਸਿੰਘ ਦੂਜੇ ਅਤੇ ਦ੍ਰਿਸ਼ਟੀ ਤੀਜੇ ਸਥਾਨ ਤੇ ਰਹੀ। ਲੜਕਿਆਂ ਦੇ 17 ਸਾਲ ਉਮਰ ਵਰਗ ਦੇ 800 ਮੀਟਰ ਦੌੜ ਦੇ ਮੁਕਾਬਲੇ ਵਿੱਚ ਹਰਸ਼ਿਤ ਕੁਮਾਰ ਪਹਿਲੇ, ਹਰਸਿਮਰਨ ਸਿੰਘ ਦੂਜੇ ਅਤੇ ਵਿਦਾਂਤ ਤੀਜੇ ਸਥਾਨ ਤੇ ਰਿਹਾ। ਜਦੋਂ ਕਿ ਲੜਕੀਆਂ ਦੇ 17 ਸਾਲ ਉਮਰ ਵਰਗ ਦੇ 200 ਮੀਟਰ ਦੇ ਰੇਸ ਮੁਕਾਬਲੇ ਵਿੱਚ ਗਨਵੀਨ ਕੌਰ ਪਹਿਲੇ, ਦਿਲਿਸ਼ਾ ਦੂਜੇ ਅਤੇ ਕਾਸ਼ਵੀ ਤੀਜੇ ਸਥਾਨ ਤੇ ਰਹੀ।
ਇਸ ਮੌਕੇ ਬਾਸਕਟਬਾਲ ਕੋਚ ਰਾਹੁਲਦੀਪ ਸਿੰਘ, ਹਾਕੀ ਕੋਚ ਮੁਨੀਸ਼ ਕੁਮਾਰ, ਵਾਲੀਬਾਲ ਕੋਚ ਯਾਦਵਿੰਦਰ ਸਿੰਘ, ਹੈਂਡਬਾਲ ਕੋਚ ਕੁਲਵਿੰਦਰ ਸਿੰਘ, ਐਥਲੈਟਿਕਸ ਕੋਚ ਭੁਪਿੰਦਰ ਕੌਰ ਤੇ ਮਨਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਤੇ ਖੇਡ ਪ੍ਰੇਮੀ ਹਾਜਰ ਸਨ।