ਮਾਲੇਰਕੋਟਲਾ : ਕੇ ਕੰਬੋਜ ਜਾਤੀ ਨੂੰ ਪਛੜੇ ਵਰਗਾਂ ਦੀ ਸੂਚੀ ਵਿਚੋਂ ਹਟਾ ਕੇ, ਰਾਖਵਾਂਕਰਨ ਤੋਂ ਵਾਂਝਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ। ਇਹ ਚੇਤਾਵਨੀ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਇਥੇ ਜਾਰੀ ਇਕ ਬਿਆਨ ਵਿਚ ਦਿਤੀ।
ਮੁਸਲਿਮ ਵਰਗ ਉਤੇ ਇਕ ਹੋਰ ਕੁਹਾੜਾ ਚਲਾਉਣ ਦੀ ਤਾਕ ਵਿਚ ਹੈ ਆਮ ਆਦਮੀ ਪਾਰਟੀ
ਉਨ੍ਹਾਂ ਕਿਹਾ ਕਿ ਝਾੜੂ ਪਾਰਟੀ ਪਛੜੀਆਂ ਸ਼੍ਰੇਣੀਆਂ ਵਿਚ ਸ਼ਾਮਲ ਕੰਬੋਜ ਜਾਤੀ ਨੂੰ ਇਸ ਸੂਚੀ ਵਿਚੋਂ ਹਟਾਉਣ ਦੀ ਤਿਆਰੀ ਕਰ ਰਹੀ ਹੈ। ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿਤੇ ਗਏ ਹਨ ਕਿ ਇਸ ਗੱਲ ਦਾ ਪਤਾ ਲਗਾਉ ਕਿ ਇਸ ਬਰਾਦਰੀ ਨੂੰ ਪਛੜੀ ਸ਼੍ਰੇਣੀ ਦਾ ਦਰਜਾ ਮਿਲਣਾ ਚਾਹੀਦਾ ਹੈ ਜਾਂ ਨਹੀਂ? ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ, ਰੂਪਨਗਰ, ਬਰਨਾਲਾ, ਤਰਨਤਾਰਨ, ਸ਼ਹੀਦ ਭਗਤ ਸਿੰਘ ਨਗਰ, ਫ਼ਿਰੋਜ਼ਪੁਰ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰਾਂ ਨੇ ਇਸ ਬਾਰੇ ਅਪਣੀਆਂ ਸਿਫ਼ਾਰਸ਼ਾਂ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਨੂੰ ਭੇਜ ਵੀ ਦਿਤੀਆਂ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਕੰਬੋਜਾਂ ਦੀ ਜ਼ਿਆਦਾ ਅਬਾਦੀ ਕਪੂਰਥਲਾ, ਅੰਮ੍ਰਿਤਸਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਪਟਿਆਲਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਵਿਚ ਹੈ। ਇਹ ਬਰਾਦਰੀ ਦੇਸ਼ ਦੀ ਵੰਡ ਵੇਲੇ ਬਹੁਤ ਜ਼ਿਆਦਾ ਪ੍ਰਭਾਵਤ ਹੋਈ। ਕੰਬੋਜਾਂ ਦਾ ਦੋਹਾਂ ਦੇਸ਼ਾਂ ਵਿਚ ਉਜਾੜਾ ਹੋਇਆ। ਕੰਬੋਜਾਂ ਨੂੰ ਸਖ਼ਤ ਮਿਹਨਤ ਕਰਨੀ ਪਈ ਅਤੇ ਹੁਣ ਵੀ ਕਰ ਰਹੇ ਹਨ। ਇਹ ਬਰਾਦਰੀ ਆਰਥਕ, ਸਮਾਜਕ ਅਤੇ ਵਿੱਦਿਅਕ ਪੱਖ ਤੋਂ ਬਹੁਤ ਪਛੜੀ ਹੋਈ ਹੈ। ਇਸ ਜਾਤੀ ਦੇ ਲਗਭਗ 60 ਫ਼ੀ ਸਦੀ ਲੋਕ ਅੱਜ ਵੀ ਮਿਹਨਤ ਮਜ਼ਦੂਰੀ ਕਰਕੇ ਅਪਣੇ ਪਰਵਾਰ ਪਾਲ ਰਹੇ ਹਨ। ਕਰੀਬ 35 ਫ਼ੀ ਸਦੀ ਪਰਵਾਰਾਂ ਕੋਲ 5 ਏਕੜ ਤੋਂ ਵੀ ਘੱਟ ਵਾਹੀਯੋਗ ਜ਼ਮੀਨ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਹਿੰਦੂ, ਸਿੱਖ ਅਤੇ ਮੁਸਲਿਮ ਸਾਰੇ ਧਰਮਾਂ ਦੇ ਲੋਕ ਕੰਬੋਜ ਜਾਤ ਵਿਚ ਆਉਂਦੇ ਹਨ। ਮਾਲੇਰਕੋਟਲਾ ਜ਼ਿਲ੍ਹੇ ਵਿਚ ਵੱਡੀ ਗਿਣਤੀ ਮੁਸਲਿਮ ਕੰਬੋਜਾਂ ਦੀ ਹੈ ਅਤੇ ਉਨ੍ਹਾਂ ਦਾ ਜੀਵਨ ਪੱਧਰ ਅਨੁਸੂਚਿਤ ਜਾਤਾਂ ਨਾਲੋਂ ਵੀ ਬਦਤਰ ਹੈ। ਉਨ੍ਹਾਂ ਨੂੰ ਸਿਖਿਆ ਅਤੇ ਨੌਕਰੀਆਂ ਦੀ ਸਖ਼ਤ ਜ਼ਰੂਰ ਹੈ। ਸਾਲ 1987-88 ਵਿਚ ਪਟਿਆਲਾ ਵਿਖੇ ਤਿੰਨ ਰੋਜ਼ਾ ਕੰਬੋਜ ਕਾਨਫ਼ਰੰਸ ਵਿਚ ਭਾਰਤ ਦੇ ਕਈ ਸੂਬਿਆਂ ਦੇ ਕੰਬੋਜ ਨੇਤਾਵਾਂ ਨੇ ਇਕੱਠੇ ਹੋ ਕੇ ਪਛੜੀਆਂ ਸ਼੍ਰੇਣੀਆਂ ਵਿਚ ਰਹਿਣ ਦਾ ਮਤਾ ਪਾਸ ਕਰ ਕੇ ਸਰਕਾਰਾਂ ਨੂੰ ਭੇਜਿਆ ਸੀ ਪਰ ਹੁਣ ਝਾੜੂ ਪਾਰਟੀ ਦੀ ਸਰਕਾਰ ਕੰਬੋਜਾਂ ਵਿਰੁਧ ਸਾਜ਼ਸ਼ ਰਚ ਰਹੀ ਅਤੇ ਇਸ ਤੋਂ ਇਹ ਦਰਜਾ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸਰਕਾਰ ਦੀ ਇਸ ਹਰਕਤ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪਹਿਲਾਂ ਹੀ ਹਿਬਾਨਾਮਾ ਬੰਦ ਕਰਨ ਸਮੇਤ ਮੁਸਲਮਾਨਾਂ ਨਾਲ ਕਈ ਧੱਕੇ ਕਰ ਚੁੱਕੀ ਹੈ ਅਤੇ ਹੁਣ ਇਕ ਹੋਰ ਧੱਕਾ ਕਰਨ ਦੀ ਤਾਕ ਵਿਚ ਹੈ। ਜੇ ਸਰਕਾਰ ਨੇ ਕੰਬੋਜਾਂ ਨੂੰ ਪਛੜੇ ਵਰਗਾਂ ਦੀ ਸੂਚੀ ਵਿਚੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਦੀ ਇੱਟ ਨਾਲ ਇੱਟ ਖੜਾ ਦਿਤੀ ਜਾਵੇਗੀ। ਕੰਬੋਜਾਂ ਦੇ ਅਧਿਕਾਰ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਵਿੱਢਣ ਤੋਂ ਵੀ ਪਿੱਛੇ ਨਹੀਂ ਹਟੇਗਾ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਮੁਸਲਮਾਨਾਂ ਨੂੰ ਸਿਖਿਆ ਅਤੇ ਰੁਜ਼ਗਾਰ ਦੇਣ ਦੀ ਬਜਾਏ ਕੇਜਰੀਵਾਲ ਦੀ ਪਾਰਟੀ ਹੋਰ ਕਮਜ਼ੋਰ ਕਰ ਰਹੀ ਹੈ। ਜਿਸ ਵੇਲੇ ਸਾਰੇ ਮੁਸਲਮਾਨਾਂ ਨੂੰ ਹੀ ਵਿਸ਼ੇਸ਼ ਕਿਸਮ ਦੇ ਰਾਖਵਾਂਕਰਨ ਦੀ ਲੋੜ ਹੈ, ਉਸ ਸਮੇਂ ਭਗਵੰਤ ਮਾਨ ਦੀ ਸਰਕਾਰ ਪਹਿਲਾਂ ਤੋਂ ਮਿਲ ਰਹੀਆਂ ਸਹੂਲਤਾਂ ਵੀ ਖੋਹ ਰਹੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਮੰਗ ਕੀਤੀ ਕਿ ਮੁਸਲਿਮ ਮੋਚੀ, ਖਟੀਕ, ਫ਼ਕੀਰ ਅਤੇ ਮਰਾਸੀਆਂ ਨੂੰ ਅਨੁਸੂਚਿਤ ਵਰਗਾਂ ਵਿਚ ਸ਼ਾਮਲ ਕਰਕੇ ਰਾਖਵਾਂਕਰਨ ਦੇਣਾ ਚਾਹੀਦਾ ਹੈ ਤਾਕਿ ਇਨ੍ਹਾਂ ਜਾਤਾਂ ਨੂੰ ਸਿਖਿਆ ਅਤੇ ਰੁਜ਼ਗਾਰ ਮਿਲ ਸਕੇ।