ਮਾਲੇਰਕੋਟਲਾ : ਅੱਜ ਇਥੇ ਜਮਾਲਪੁਰਾ ਰੋਡ ਉਤੇ ਸਥਿਤ ਰਤਨ ਹਸਪਤਾਲ ਨੇੜੇ ਸ਼੍ਰੋਮਣੀ ਅਕਾਲੀ ਦਲ ਹੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਥਿੰਦ ਕੰਪਿਊਟਰਾਈਜ਼ ਲੈਬ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਹਲਕੇ ਅੰਦਰ ਚੰਗੀਆਂ ਸਿਹਤ ਸੇਵਾਵਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨਾਲ ਡਾਕਟਰ ਪੁਨੀਤ ਕਥੂਰੀਆ ਅਤੇ ਡਾ. ਮੁਹੰਮਦ ਅਰਸ਼ਦ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਮਾਲੇਰਕੋਟਲਾ ਪੰਜਾਬ ਦਾ ਪਹਿਲਾ ਅਜਿਹਾ ਸ਼ਹਿਰ ਹੈ ਜਿਥੇ ਸੱਭ ਤੋਂ ਜ਼ਿਆਦਾ ਲੋਕ ਬਿਮਾਰ ਹਨ ਅਤੇ ਇਥੋਂ ਹੀ ਰੈਫ਼ਰ ਕਰਕੇ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣਾ,ਪਟਿਆਲਾ, ਸੰਗਰੂਰ ਅਤੇ ਚੰਡੀਗੜ੍ਹ ਨੂੰ ਭੇਜੇ ਜਾਂਦੇ ਹਨ। ਇਥੋਂ ਦਾ ਸਰਕਾਰੀ ਹਸਪਤਾਲ ਖ਼ੁਦ ਬਿਮਾਰ ਹੈ ਜਿਥੇ ਪਲੇਟ-ਲੈਟਸ (ਸੈੱਲ) ਘੱਟ ਜਾਣ ਵਾਲੀ ਬਿਮਾਰੀ ਦਾ ਵੀ ਸੰਪੂਰਨ ਇਲਾਜ ਨਹੀਂ। ਇਕ ਯੂਨਿਟ ਖ਼ੂਨ ਵਿਚੋਂ ਪਲੇਟ-ਲੈਟਸ ਕਢਵਾਉਣ ਲਈ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ ਅਤੇ ਅਪਣੀ ਆਰਥਿਕ ਲੁੱਟ ਕਰਵਾਉਣੀ ਪੈਂਦੀ ਹੈ।
ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਇਸ ਖੇਤਰ ਵਿਚ ਜਿੰਨੇ ਹਸਪਤਾਲ ਅਤੇ ਲੈਬਜ਼ ਖੋਲ੍ਹੀਆਂ ਜਾਣ, ਓਨੀਆਂ ਹੀ ਘੱਟ ਹਨ ਕਿਉਂਕਿ ਬਿਮਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਇਸ ਸ਼ਹਿਰ ਵਿਚ ਜ਼ਮੀਨ ਹੇਠਲੇ ਪਾਣੀ ਸ਼ੁੱਧਤਾ ਦੀ ਪਰਖ ਕੀਤੀ ਜਾਣੀ ਬਹੁਤ ਜ਼ਰੂਰੀ ਹੈ ਤਾਕਿ ਸਪੱਸ਼ਟ ਹੋ ਸਕੇ ਕਿ ਇਹ ਪਾਣੀ ਪੀਣਯੋਗ ਹੈ ਜਾਂ ਨਹੀਂ? ਬੀਬਾ ਜ਼ਾਹਿਦਾ ਸੁਲੇਮਾਨ ਨੇ ਥਿੰਦ ਕੰਪਿਊਟਰਾਈਜ਼ ਲੈਬ ਦੇ ਮਾਲਕ ਟੈਕਨਾਲੌਜਿਸਟ ਸਾਹਿਲ ਥਿੰਦ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਮੀਦ ਹੈ ਕਿ ਇਸ ਲੈਬ ਵਿਚ ਜਿਥੇ ਭਰੋਸੇਯੋਗ ਟੈਸਟ ਕੀਤੇ ਜਾਣਗੇ, ਉਥੇ ਗ਼ਰੀਬ ਅਤੇ ਜ਼ਰੂਰਤਮੰਦਾਂ ਨੂੰ ਰਿਆਇਤ ਵੀ ਕੀਤੀ ਜਾਵੇਗੀ। ਬੀਬਾ ਜ਼ਾਹਿਦਾ ਸੁਲੇਮਾਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਚੰਗੀਆਂ ਸਿਹਤ ਸੇਵਾਵਾਂ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਇਸ ਪਾਰਟੀ ਦੀ ਸਰਕਾਰ ਸਰਕਾਰੀ ਹਸਪਤਾਲ ਵਿਚ ਇਕ ਲੇਡੀ ਡਾਕਟਰ ਦਾ ਵੀ ਪ੍ਰਬੰਧ ਨਹੀਂ ਕਰ ਸਕੀ। ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ਵਿਚ ਘੱਟ ਤੋਂ ਘੱਟ ਦੋ ਲੇਡੀ ਡਾਕਟਰਾਂ ਦਾ ਪ੍ਰਬੰਧ ਕੀਤਾ ਜਾਵੇ ਤਾਕਿ ਸਾਡੀਆਂ ਔਰਤਾਂ ਨੂੰ ਇਲਾਜ ਕਰਾਉਣ ਵਿਚ ਅਸਾਨੀ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਸੁਲੇਮਾਨ ਨੋਨਾ, ਮੁਹੰਮਦ ਮਹਿਮੂਦ ਗੋਲਡਨ ਉਦਯੋਗਪਤੀ, ਮੁਹੰਮਦ ਸਦੀਕ ਸਬਜ਼ੀ ਮੰਡੀ, ਮੁਹੰਮਦ ਰਾਸ਼ਿਦ, ਮੁਹੰਮਦ ਸ਼ਹਿਜ਼ਾਦ, ਅਬਦੁਲ ਮਜੀਦ, ਮੁਹੰਮਦ ਹਾਰਿਸ਼, ਸੁਸ਼ੀਲ ਅਰੋੜਾ ਅਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।